ਕਮਿਸ਼ਨਰੇਟ ਪੁਲਿਸ ਵਲੋਂ ‘ਮਿਸ਼ਨ ਫ਼ਤਿਹ’ ਤਹਿਤ ਪੈਦਲ ਗਸ਼ਤ

ਕਮਿਸ਼ਨਰੇਟ ਪੁਲਿਸ ਵਲੋਂ ‘ਮਿਸ਼ਨ ਫ਼ਤਿਹ’ ਤਹਿਤ ਪੈਦਲ ਗਸ਼ਤ

ਜਲੰਧਰ 03 ਜੂਨ (ਇੰਦਰਜੀਤ ਚੰਦੜ੍ਹ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਦੂਰ ਰੱਖਣ ਲਈ ਸ਼ੁਰੂ ਕੀਤੇ ਗਏ ‘ਮਿਸ਼ਨ ਫ਼ਤਿਹ’ ਦੀ ਲੜੀ ਵਜੋਂ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਅੱਜ ਸ਼ਹਿਰ ਦੇ ਸੰਵੇਦਨਸ਼ੀਲ ਤੇ ਭੀੜ ਭੜੱਕੇ ਵਾਲੇ ਇਲਾਕਿਆਂ ਵਿੱਚ ਲੋਕਾਂ ਨੂੰ ਕੋਵਿਡ-19 ਬਾਰੇ ਜਾਗਰੂਕ ਕਰਨ ਲਈ ਪੈਦਲ ਗਸ਼ਤ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ ਪੁਲਿਸ ਵਤਸਲਾ ਗੁਪਤਾ ਅਤੇ ਸਹਾਇਕ ਕਮਿਸ਼ਨਰ ਪੁਲਿਸ ਹਰਸਿਮਰਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਵਲੋਂ ਜੋਤੀ ਚੌਕ ਤੋਂ ਭੀੜੇ ਬਜ਼ਾਰਾਂ ਵਿੱਚ ਪੈਦਲ ਗਸ਼ਤ ਕੀਤੀ ਗਈ। । ਪੁਲਿਸ ਬਲਾਂ ਵਲੋਂ ਬਜ਼ਾਰਾਂ ਦੀ ਜਾਂਚ ਕਰਨ ਤੋਂ ਇਲਾਵਾ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਲੋਕਾਂ ਅਤੇ ਦੁਕਾਨਦਾਰਾਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਦੀ ਵਰਤੋਂ ਕਰਨ ਬਾਰੇ ਜਾਗਰੂਕ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਨੇ ਦੱਸਿਆ ਕਿ ਪੈਦਲ ਗਸ਼ਤ ਦਾ ਮੁੱਖ ਮੰਤਵ ਲਾਕਡਾਊਨ ਦੌਰਾਨ ਪਾਬੰਦੀਆਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਤੋਂ ਇਲਾਵਾ ਸ਼ਹਿਰ ਦੇ ਸੌੜੇ ਬਜ਼ਾਰਾਂ ਵਿੱਚ ਅਮਨ ਕਾਨੁੂੰਨ ਦੀ ਸਥਿਤੀ ’ਤੇ ਪੂਰੀ ਚੌਕਸੀ ਨਾਲ ਨਜ਼ਰ ਰੱਖਣਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਦੁਕਾਨਾਂ ਖੋਲ੍ਹਣ ’ਤੇ ਕੋਈ ਪਾਬੰਦੀ ਨਹੀਂ ਹੈ ਪਰ ਸਮਾਜਿਕ ਦੂਰੀ ਦਾ ਪਾਲਣਾ ਕਰਨਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਬਾਹਰ ਜਾਣ ਲੱਗਿਆ ਲੋਕਾਂ ਵਲੋਂ ਮਾਸਕ ਪਾਉਣਾ ਲਾਜ਼ਮੀ ਹੈ ਅਤੇ ਇਸ ਨਿਯਮ ਨੂੰ ਜਰੂਰ ਅਪਣਾਉਣਾ ਚਾਹੀਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਮਾਸਕ ਨਾ ਪਹਿਨਣ ’ਤੇ ਕਿਸੇ ਵੀ ਵਿਅਕਤੀ ਨੂੰ 500 ਰੁਪਏ ਜੁਰਮਾਨਾ , ਹੋਮ ਕੁਆਰੰਟੀਨ ਦੀ ਉਲੰਘਣਾ ’ਤੇ 2000 ਰੁਪਏ ਜੁਰਮਾਨਾ, ਜਨਤਕ ਥਾਵਾਂ ’ਤੇ ਥੁੱਕਣ ਲਈ 500 ਰੁਪਏ ਜੁਰਮਾਨਾ, ਦੁਕਾਨਦਾਰਾਂ ਅਤੇ ਮਾਲਾਂ ਵਲੋਂ ਸਮਾਜਿਕ ਦੂਰੀ ਦੀ ਉਲੰਘਣਾ ’ਤੇ 2000 ਰੁਪਏ ਜੁਰਮਾਨਾ, ਕੀਤਾ ਜਾਵੇਗਾ । ਉਨ੍ਹਾਂ ਅੱਗੇ ਦੱਸਿਆ ਕਿ ਬੱਸਾਂ ਵਲੋਂ ਸਮਾਜਿਕ ਦੂਰੀ ਦੀ ਉਲੰਘਣਾ ’ਤੇ 3000 ਰੁਪਏ, ਕਾਰ ਮਾਲਕਾਂ ’ਤੇ 2000 ਰੁਪਏ, ਆਟੋ ਰਿਕਸ਼ਾ, ਦੋ ਪਹੀਆ ਵਾਹਨ ਮਾਲਕਾਂ ਵਲੋਂ ਸਮਾਜਿਕ ਦੂਰੀ ਦੀ ਉਲੰਘਣਾ ਕਰਨ ’ਤੇ 500 ਰੁਪਏ ਜੁਰਮਾਨਾ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਵਲੋਂ ਪੈਦਲ ਗਸ਼ਤ ਨੂੰ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਨਾਲ ਸ਼ਹਿਰੀ ਖੇਤਰਾਂ ਵਿੱਚ ਪੁਲਿਸ ਦੀ ਮੌਜੂਦਗੀ ਦਾ ਅਹਿਸਾਸ ਹੁੰਦਾ ਹੈ ਅਤੇ ਜੁਰਮਾਂ ਵਿੱਚ ਕਮੀ ਆਉਂਦੀ ਹੈ ਤੇ ਲੋਕਾਂ ਅੰਦਰ ਸੁਰੱਖਿਆ ਦੀ ਭਾਵਨਾ ਵੀ ਵਧਦੀ ਹੈ। ਇਸ ਮੌਕੇ ਐਸ.ਐਚ.ਓ. ਰਛਪਾਲ ਸਿੰਘ ਅਤੇ ਹੋਰ ਵੀ ਹਾਜ਼ਰ ਸਨ।

super visa