ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਵੱਲੋਂ ਕਾਰਪੋਰੇਟ ਤੇ ਸਾਮਰਾਜੀ ਲੁੱਟ ਅਤੇ ਫਿਰਕੂ-ਫੁੱਟ ਪਾਊ ਸਾਜ਼ਿਸ਼ਾਂ ਵਿਰੁੱਧ ਸੰਘਰਸ਼ ਤਿੱਖੇ ਕਰਨ ਦਾ ਐਲਾਨ 

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਵੱਲੋਂ ਕਾਰਪੋਰੇਟ ਤੇ ਸਾਮਰਾਜੀ ਲੁੱਟ ਅਤੇ ਫਿਰਕੂ-ਫੁੱਟ ਪਾਊ ਸਾਜ਼ਿਸ਼ਾਂ ਵਿਰੁੱਧ ਸੰਘਰਸ਼ ਤਿੱਖੇ ਕਰਨ ਦਾ ਐਲਾਨ 

ਜਲੰਧਰ , 5 ਅਗਸਤ  (ਚੰਦੜ੍ਹ) - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ( ਆਰ ਐਮ ਪੀ ਆਈ ) ਦੀ ਪੰਜਾਬ ਰਾਜ ਕਮੇਟੀ ਦੀ ਮੀਟਿੰਗ ਸਾਥੀ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ। ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਮੌਜੂਦਾ ਰਾਜਸੀ ਅਵਸਥਾ ਅਤੇ ਪਾਰਟੀ ਦੇ ਕਰਨ ਗੋਚਰੇ ਰਾਜਸੀ-ਜਥੇਬੰਦਕ ਕਾਰਜਾਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਸੂਬਾ ਕਮੇਟੀ ਵੱਲੋਂ ਲੋਕ ਹਿਤਾਂ ਲਈ ਸੰਗਰਾਮਾਂ ਦੀ ਅਗਵਾਈ ਕਰਨ ਵਾਲੇ ਪਾਰਟੀ ਅਤੇ ਜਨਸੰਗਠਨਾਂ ਦੇ ਆਗੂਆਂ ਖਿਲਾਫ ਦਰਜ ਕੀਤੇ ਪਰਚੇ ਅਤੇ ਲੋਕ ਸੰਘਰਸ਼ਾਂ ਤੇ ਲਾਈਆਂ ਗਈਆਂ ਪਾਬੰਦੀਆਂ ਰੱਦ ਕਰਨ ਦੀ ਮੰਗ ਕੀਤੀ ਗਈ। ਸੂਬਾ ਕਮੇਟੀ ਵੱਲੋਂ ਹਾਲ ਹੀ ਵਿੱਚ ਜਹਿਰੀਲੀ ਸ਼ਰਾਬ ਨਾਲ ਹੋਈਆਂ ਸੈਂਕੜੇ  ਅਣ ਆਈਆਂ ਮੌਤਾਂ ’ਤੇ ਅਫਸੋਸ ਪ੍ਰਗਟ ਕਰਦਿਆਂ ਸਿਆਸੀ ਆਗੂਆਂ ਅਤੇ ਉੱਚ ਪੁਲਿਸ ਅਧਿਕਾਰੀਆਂ ਦੀ ਸ਼ਹਿ ਨਾਲ ਚਲਦੇ ਹਰ ਕਿਸਮ ਦੇ ਨਸ਼ਾ ਕਾਰੋਬਾਰ ਤੋਂ ਪ੍ਰਾਂਤ ਵਾਸੀਆਂ ਨੂੰ ਮੁਕਤ ਕਰਨ ਦੀ ਮੰਗ ਕੀਤੀ ਗਈ।  
ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਸੂਬਾ ਐਕਟਿੰਗ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਕਿ ਪਾਰਟੀ ਵੱਲੋਂ 9 ਅਗਸਤ ਨੂੰ ਭਾਰਤ ਛੱਡੋ ਅੰਦੋਲਨ ਦੀ ਸਾਲਗਿਰਹਾ ਮੌਕੇ ਜਨ ਸੰਗਠਨਾਂ ਵਲੋਂ ਕੀਤੇ ਜਾ ਰਹੇ ਐਕਸ਼ਨਾਂ ਅਤੇ 10 ਅਗਸਤ ਦੇ ਸਾਂਝੇ ਕਿਸਾਨ ਮਾਰਚ ਦੀ ਮੁਕੰਮਲ ਹਿਮਾਇਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ 28 ਸਤੰਬਰ ਨੂੰ ਸ਼ਹੀਦ ਏ ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਵਸੀਹ ਪੈਮਾਨੇ ’ਤੇ ਮਨਾਉਣ ਦਾ ਨਿਰਣਾ ਲਿਆ ਗਿਆ।
ਕੇਂਦਰੀ ਸਰਕਾਰ ਅਤੇ ਪੰਜਾਬ  ਸਰਕਾਰ ਦੀਆਂ ਲੋਕ ਦੋਖੀ ਨੀਤੀਆਂ, ਆਰ ਐਸ ਐਸ ਦੀਆਂ ਸਾਜ਼ਿਸ਼ਾਂ ਤਹਿਤ ਕੀਤੀ ਜਾ ਰਹੀ ਫਿਰਕੂ ਵੰਡ ਵਿਰੁੱਧ ਅਤੇ ਕੋਰੋਨਾ ਦੀ ਆੜ ਹੇਠ ਅਪਣਾਏ ਜਾ ਰਹੇ ਜਾਬਰ ਹੱਥਕੰਡਿਆਂ ਖਿਲਾਫ਼ ਪਾਰਟੀ ਦੇ ਆਜ਼ਾਦਾਨਾ ਅਤੇ ਖੱਬੀਆਂ ਧਿਰਾਂ ਦੇ ਸਾਂਝੇ ਸੰਘਰਸ਼ ਤੇਜ਼ ਕਰਨ ਦਾ ਨਿਰਣਾ ਲਿਆ ਗਿਆ। 
ਕੋਰੋਨਾ ਕਾਲ ’ਚ ਰੁਜ਼ਗਾਰ, ਲੋੜੀਂਦੇ ਇਲਾਜ਼, ਨਗਦ ਮੁਆਵਜ਼ੇ ਅਤੇ ਰਾਸ਼ਨ ਦੀ ਅਣਹੋਦ ਕਾਰਣ ਅਤਿਅੰਤ ਤਰਸਯੋਗ ਹਾਲਾਤ ਨੂੰ ਪੁੱਜੇ ਲੋਕਾਂ ਦੀ ਇਮਦਾਦ ਕਰਨ ਦੀ ਥਾਂ ਉਲਟਾ ਮੋਦੀ ਸਰਕਾਰ ਵੱਲੋਂ ਗੁਰਬਤ ਦੇ ਝੰਬੇ ਲੋਕਾਂ ਤੇ ਬੇਤਹਾਸ਼ਾ ਟੈਕਸਾਂ ਦਾ ਬੋਝ ਲੱਦਣ, ਕੌਮੀ ਮਹੱਤਵ ਦੇ ਜਨਤਕ ਅਦਾਰਿਆਂ ਦੇ ਕੀਤੇ ਜਾ ਰਹੇ ਅੰਨ੍ਹੇਵਾਹ ਨਿਜੀਕਰਨ, ਬਹੁ ਕੌਮੀ ਕਾਰਪੋਰੇਸ਼ਨਾਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਦਿੱਤੇ ਜਾ ਰਹੇ ਬੇਤਹਾਸ਼ਾ ਵਿੱਤੀ ਲਾਭਾਂ ਅਤੇ ਦੇਸ਼ ਦੇ ਜਮਹੂਰੀ, ਧਰਮਨਿਰਪੱਖ ਅਤੇ ਫੈਡਰਲ ਢਾਂਚੇ ਨੂੰ ਸਾਹਸੱਤਹੀਣ ਕਰਨ ਵਾਲੀਆਂ ਕੁਚਾਲਾਂ ਵਿਰੁੱਧ ਵਿਆਪਕ ਮੁਹਿੰਮ ਵਿੱਢਣ ਦੀ ਵੀ ਨਿਰਣਾ ਲਿਆ ਗਿਆ। ਮੀਟਿੰਗ ਦੇ ਸ਼ੁਰੂ ਵਿੱਚ ਵਿੱਚ ਸਦੀਵੀ ਵਿਛੋੜਾ ਦੇ ਗਏ ਪਾਰਟੀ ਦੇ ਸਤਿਕਾਰਤ ਆਗੂਆਂ ਸਾਥੀ ਅਮਰੀਕ ਸਿੰਘ ਅੰਮ੍ਰਿਤਸਰ ਤੇ ਬਲਵੀਰ ਸਿੰਘ ਕਾਠਗੜ੍ਹ ਕੋਰੋਨਾ ਨਾਲ ਜੂਝਦਿਆਂ ਜਾਨਾਂ ਵਾਰ ਗਏ ਕੋਰੋਨਾ ਵਾਰੀਅਰਜ਼ ਅਤੇ ਸਰਕਾਰ ਦੀ ਬਦਨੀਅਤ ਅਤੇ ਬਦਇੰਤਜਾਮੀ ਕਾਰਣ ਮਾਰੇ ਗਏ ਆਮ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

super visa