22 ਅਪ੍ਰੈਲ, 2020 ਲਈ ਗਦਰੀ ਆਗੂ ਬਾਬੂ ਮੰਗੂ ਰਾਮ ਮੂੰਗੋਵਾਲੀਆ ਬਾਰੇ ਵਿਸ਼ੇਸ਼
ਗਦਰੀ ਆਗੂ ਬਾਬੂ ਮੰਗੂ ਰਾਮ ਮੂਗੋਵਾਲੀਆ ਦੀ ਕਰਨੀ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਬਾਬੂ ਜੀ ਬਹੁਤੇ ਸਕੂਲਾਂ ਵਿੱਚ ਦਾਖਲ ਹੋਣ ਵਾਲੇ ਪਹਿਲੇ ਦਲਿਤ ਵਿਦਿਆਰਥੀ ਸਨ ਅਤੇ ਉਨ੍ਹਾਂ ਨੂੰ ਕਈ ਵਾਰ ਕਲਾਸ ਦੇ ਕਮਰੇ ਤੋਂ ਬਾਹਰ ਹੀ ਬੈਠਕੇ ਪੜ੍ਹਣਾ ਪੈਂਦਾ ਸੀ।
ਸਾਡੇ ਦੇਸ਼ ਵਿੱਚ ਵਰਣ ਵਿਵਸਥਾ ਅਤੇ ਜਾਤ ਪ੍ਰਥਾ ਪ੍ਰਭਾਵੀ ਹੋਣ ਕਾਰਨ ਸਮਾਜ ਦੇ ਸਭ ਤੋਂ ਹੇਠਲੇ ਵਰਗ ਦੇ ਲੋਕਾਂ ਦੀ ਜਿੰਦਗੀ ਸਦੀਆਂ ਤੱਕ ਤਰਸਯੋਗ ਹੀ ਰਹੀ ਹੈ। ਦੇਸ਼ ਵਿੱਚ ਫੈਲੀ ਛੂਆ-ਛਾਤ ਕਾਰਨ ਇਸ ਵਰਗ ਨਾਲ ਸਬੰਧਿਤ ਲੋਕਾਂ ਨਾਲ ਕਈ ਵਾਰ ਜਾਨਵਰਾਂ ਤੋਂ ਵੀ ਮਾੜਾ ਵਤੀਰਾ ਕੀਤਾ ਜਾਂਦਾ ਸੀ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਮੇਂ ਸਮੇਂ ਤੇ ਸਮਾਜ ਦੇ ਲਿਤਾੜ੍ਹੇ ਵਰਗਾਂ ਦੀ ਭਲਾਈ ਲਈ ਇਸ ਧਰਤੀ ਤੇ ਮਹਾਂਪੁਰਖਾਂ ਨੇ ਜਨਮ ਲਿਆ ਅਤੇ ਮਨੁੱਖਤਾ ਦੇ ਭਲੇ ਲਈ ਕੰਮ ਕੀਤਾ। ਇਨ੍ਹਾਂ ਵਿੱਚ ਇੱਕ ਨਾਮ ਗਦਰੀ ਆਗੂ ਬਾਬੂ ਮੰਗੂ ਰਾਮ ਮੂਗੋਵਾਲੀਆ ਦਾ ਹੈ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਜਨਮ ਲੈਕੇ ਸੰਘਰਸ਼ ਕੀਤਾ ਅਤੇ ਲਿਤਾੜ੍ਹੇ ਵਰਗਾਂ ਦੇ ਵਿਕਾਸ ਲਈ ਕੰਮ ਕੀਤਾ। ਬਾਬੂ ਮੰਗੂ ਰਾਮ ਮੂਗੋਵਾਲੀਆ ਦਾ ਜਨਮ 14 ਜਨਵਰੀ, 1886 ਨੂੰ ਪਿੰਡ ਮੂਗੋਵਾਲ ਤਹਿਸੀਲ ਮਾਹਿਲਪੁਰ ਜਿਲ੍ਹਾ ਹੁਸ਼ਿਆਰਪੁਰ ਵਿੱਚ ਮਾਤਾ ਅਤਰੀ ਅਤੇ ਪਿਤਾ ਹਰਨਾਮ ਦਾਸ ਦੇ ਘਰ ਹੋਇਆ। ਸਮਾਜ ਦੀ ਅਖੌਤੀ ਵਰਣ ਵਿਵਸਥਾ ਕਾਰਨ ਆਪ ਦੇ ਪਰਿਵਾਰ ਨੂੰ ਬਾਕੀ ਅਛੂਤਾਂ ਵਾਂਗ ਸਮਾਜਿਕ, ਆਰਥਿਕ, ਰਾਜਨੀਤਿਕ, ਧਾਰਮਿਕ ਵਿਤਕਰੇ ਸ਼ਿਕਾਰ ਹੋਣਾ ਪੈਂਦਾ ਸੀ। ਬਾਬੂ ਜੀ ਦੀ ਉਮਰ ਲਗਭਗ ਤਿੰਨ ਸਾਲ ਦੀ ਹੀ ਸੀ ਜਦੋਂ ਉਨ੍ਹਾਂ ਦੀ ਮਾਤਾ ਦੀ ਮੋਤ ਹੋ ਗਈ। ਆਪ ਨੇ ਪੰਜਾਬੀ ਦੀ ਸਿੱਖਿਆ ਅਪਣੇ ਪਿੰਡ ਵਿੱਚ ਹੀ ਇੱਕ ਡੇਰੇ ਦੇ ਸਾਧੂ ਤੋਂ ਪ੍ਰਾਪਤ ਕੀਤੀ ਅਤੇ ਬਾਦ ਵਿੱਚ ਬਜਵਾੜਾ ਸਕੂਲ ਅਤੇ ਦੇਹਰਾਦੂਨ ਵਿੱਚ ਪੜੇ ਅਤੇ ਅੰਗਰੇਜੀ ਵਿੱਚ ਗਿਆਨ ਹਾਸਲ ਕੀਤਾ। ਬਾਬੂ ਜੀ ਬਹੁਤੇ ਸਕੂਲਾਂ ਵਿੱਚ ਦਾਖਲ ਹੋਣ ਵਾਲੇ ਪਹਿਲੇ ਅਤੇ ਇਕੱਲੇ ਦਲਿਤ ਵਿਦਿਆਰਥੀ ਸਨ ਅਤੇ ਉਨ੍ਹਾਂ ਨੂੰ ਕਈ ਵਾਰ ਕਲਾਸ ਦੇ ਕਮਰੇ ਤੋਂ ਬਾਹਰ ਹੀ ਬੈਠਕੇ ਪੜ੍ਹਣਾ ਪੈਂਦਾ ਸੀ। ਪੜ੍ਹਾਈ ਵਿੱਚ ਹੁਸਿਆਰ ਹੋਣ ਦੇ ਬਾਬ ਜੀ ਦੇ ਅਧਿਆਪਕਾਂ ਦੇ ਜਾਤ ਅਧਾਰਿਤ ਵਿਤਕਰੇ ਕਾਰਨ ਆਪ ਨੂੰ ਪੜ੍ਹਾਈ ਛੱਡਕੇ ਅਪਣੇ ਪਿਤਾ ਨਾਲ ਚਮੜੇ ਦਾ ਕੰਮ ਕਰਨਾ ਪਿਆ। ਆਪ 1909 ਵਿੱਚ ਯੂ ਐਸ ਏ ਚਲੇ ਗਏ। ਇੱਥੇ ਆਪ ਨੇ ਕੁਝ ਸਾਲ ਫਰੈਸਨੋ ਅਤੇ ਕੈਲਫੋਰਨੀਆ ਨਾਲ ਲੱਗਦੇ ਇਲਾਕਿਆਂ ਵਿੱਚ ਪਿੰਡ ਦੇ ਹੀ ਜਿਮੀਂਦਾਰਾਂ ਕੋਲ ਖੇਤਾਂ ਵਿੱਚ ਹੀ ਕੰਮ ਕੀਤਾ। ਇਸ ਸਮੇਂ ਦੌਰਾਨ ਹੀ ਨਵੰਬਰ, 1913 ਵਿੱਚ ਗਦਰ ਲਹਿਰ ਸਥਾਪਿਤ ਕੀਤੀ ਗਈ ਜੋਕਿ ਬਰਤਾਨੀਆਂ ਬਸਤੀਵਾਦ ਤੋਂ ਭਾਰਤ ਨੂੰ ਅਜ਼ਾਦ ਕਰਵਾਉਣ ਦੀ ਮੁਹਿੰਮ ਚਲਾ ਰਹੀ ਸੀ। ਗਦਰ ਲਹਿਰ ਵਿੱਚ ਬੇਸੱਕ ਗਿਣਤੀ ਦੇ ਦਲਿੱਤ ਹੀ ਸਾਮਲ ਸਨ ਪਰ ਇਸ ਵਿੱਚ ਕਿਸੇ ਨਾਲ ਵੀ ਜਾਤ ਅਧਾਰਿਤ ਵਿਤਕਰਾ ਨਹੀਂ ਸੀ। ਆਪ ਗਦਰ ਲਹਿਰ ਦੇ ਆਗੂਆਂ ਲਾਲਾ ਹਰਦਿਆਲ ਅਤੇ ਸੋਹਣ ਸਿੰਘ ਭਕਨਾ ਦੇ ਸੰਪਰਕ ਵਿੱਚ ਆ ਗਏ ਅਤੇ ਗਦਰ ਲਹਿਰ ਨਾਲ ਜੁੜ੍ਹ ਗਏ। ਗਦਰ ਲਹਿਰ ਵਲੋਂ ਇੱਕ ਬਹੁਤ ਹੀ ਖਤਰਨਾਕ ਮਿਸ਼ਨ ਉਲੀਕਿਆ ਗਿਆ ਜਿਸ ਵਿੱਚ ਭਾਰਤ ਦੀ ਅਜ਼ਾਦੀ ਦੀ ਲੜਾਈ ਲਈ ਹਥਿਆਰਾਂ ਦਾ ਇੱਕ ਜ਼ਹਾਜ ਸਮੁੰਦਰ ਰਸਤੇ ਭਾਰਤ ਲਿਜਾਉਣਾ ਸੀ। ਇਸ ਮਿਸ਼ਨ ਦੀ ਅਗਵਾਈ ਲਈ ਜਿੰਮੇਵਾਰੀ ਆਪ ਅਤੇ ਕੁੱਝ ਹੋਰ ਸਾਥੀਆਂ ਨੂੰ ਦਿੱਤੀ ਗਈ ਪਰੰਤੂ ਇਸਦੀ ਸੂਚਨਾ ਪਹਿਲਾਂ ਹੀ ਬਰਤਾਨੀਆ ਸਰਕਾਰ ਨੂੰ ਲੱਗ ਗਈ। ਇਹ ਮਿਸ਼ਨ ਜਿਸਨੂੰ ਬਾਬੂ ਜੀ ਸਮੇਤ ਗਦਰ ਲਹਿਰ ਦੇ ਪੰਜ ਆਗੂ ਲੈਕੇ ਆ ਰਹੇ ਸਨ ਜੋਕਿ 1915 ਵਿੱਚ ਚੱਲਿਆ ਪਰੰਤੂ ਬਰਤਾਨੀਆਂ ਸਰਕਾਰ ਨੇ ਸਮੁੰਦਰ ਵਿੱਚ ਹੀ ਤੋਪਾਂ ਨਾਲ ਉਡਾ ਦਿਤਾ। ਇਸ ਹਾਦਸੇ ਵਿੱਚ ਆਪ ਬਚ ਗਏ ਅਤੇ ਕਿਸੇ ਤਰੀਕੇ ਨਾਲ ਫਿਲਪਾਈਨ (ਮਨੀਲਾ) ਪਹੁੰਚ ਗਏ, ਫਿਰ ਉਥੋਂ ਸ਼੍ਰੀ ਲੰਕਾ ਨੂੰ ਆ ਗਏ। ਆਖਰ ਸੋਲ੍ਹਾਂ ਸਾਲ ਬਾਅਦ 1925 ਵਿੱਚ ਆਪ ਸ਼੍ਰੀ ਲੰਕਾ ਤੋਂ ਦੱਖਣੀ ਭਾਰਤ ਬੰਬੇ ਆ ਪਹੁੰਚੇ। ਆਪ ਨੇ ਦੇਸ ਦੇ ਵੱਖ ਵੱਖ ਭਾਗਾਂ ਵਿੱਚ ਦਲਿਤਾਂ ਨਾਲ ਹੋ ਰਹੇ ਵਿੱਤਕਰੇ ਅਤੇ ਅਨਿਆਂ ਨੂੰ ਅਪਣੇ ਅੱਖੀਂ ਵੇਖਿਆ ਅਤੇ ਇਸ ਵਿਤਕਰੇ ਨੂੰ ਖਤਮ ਕਰਨ ਲਈ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ। ਆਪ ਵਾਪਸ ਪਿੰਡ ਆ ਗਏ। ਉਨ੍ਹਾਂ ਪੰਜਾਬ ਵਿੱਚ ਆਕੇ ਵੇਖਿਆ ਕਿ ਬੇਸ਼ੱਕ ਇੱਕ ਪਾਸੇ ਦੇਸ਼ ਨੂੰ ਅੰਗਰੇਜਾਂ ਤੋਂ ਅਜ਼ਾਦ ਕਰਵਾਉਣ ਲਈ ਲੜਾਈ ਲੜੀ ਜਾ ਰਹੀ ਸੀ ਪਰੰਤੁ ਸਦੀਆਂ ਤੋਂ ਗੁਲਾਮੀ ਸਹਿ ਰਹੇ ਅਛੂਤਾਂ ਦੇ ਵਿਕਾਸ ਅਤੇ ਅਜ਼ਾਦੀ ਲਈ ਕੋਈ ਕੁਝ ਨਹੀਂ ਕਰ ਰਿਹਾ ਹੈ। ਉਸ ਸਮੇਂ ਦਲਿਤਾਂ ਦੀ ਕੋਈ ਵੀ ਆਪਣੀ ਪਹਿਚਾਣ ਨਹੀਂ ਸੀ। ਇਸ ਦੌਰਾਨ ਹੀ ਆਰੀਆ ਸਮਾਜ ਦੇ ਆਗੂਆਂ ਵਲੋਂ ਹਿੰਦੂ ਧਰਮ ਵਿੱਚ ਫੈਲੀਆਂ ਕੁਝ ਕੁਰੀਤੀਆਂ ਨੂੰ ਲੈਕੇ ਅੰਦੋਲਨ ਚੱਲ ਰਿਹਾ ਸੀ। 1925 ਦੇ ਅੰਤ ਵਿੱਚ ਬਾਬੂ ਜੀ ਨੇ ਪਿੰਡ ਵਿੱਚ ਪਹਿਲਾ ਆਦਿ ਧਰਮ ਪ੍ਰਾਇਮਰੀ ਸਕੂਲ ਖੋਲਿਆ ਅਤੇ ਬੱਚਿਆਂ ਨੂੰ ਪੜਾਉਣਾ ਸ਼ੁਰੂ ਕਰ ਦਿਤਾ। 11-12 ਜੂਨ 1926 ਨੂੰ ਇਸ ਸਕੂਲ ਵਿੱਚ ਹੀ ਅਛੂਤਾਂ ਦੀ ਇੱਕ ਮੀਟਿੰਗ ਬੁਲਾਈ ਗਈ ਜਿਸ ਵਿੱਚ ਆਦਿ ਧਰਮ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ। ਇਸਤੋਂ ਬਾਦ ਆਦਿ ਧਰਮ ਮੰਡਲ ਦੀ ਸਥਾਪਨਾ ਕੀਤੀ ਗਈ ਜਿਸ ਵਿੱਚ ਦਲਿਤ ਵਰਗ ਦੀਆਂ ਲਗਭਗ 36 ਜਾਤਾਂ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ ਅਤੇ ਇਸ ਲਹਿਰ ਦਾ ਪਹਿਲਾ ਪ੍ਰਧਾਨ ਸਰਬ ਸੰਮਤੀ ਨਾਲ ਬਾਬੂ ਮੰਗੂ ਰਾਮ ਨੂੰ ਹੀ ਬਣਾਇਆ ਗਿਆ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਹਜ਼ਾਰਾ ਰਾਮ ਪਿਪਲਾਂਵਾਲਾ, ਪੰਡਤ ਹਰੀਰਾਮ, ਸੰਤ ਰਾਮ, ਰਾਮ ਚੰਦ, ਹਰਦਿੱਤ ਮੱਲ, ਰੇਸ਼ਮ ਲਾਲ ਬਾਲਮੀਕਿ, ਬਿਹਾਰੀ ਲਾਲ, ਰਾਮ ਸਿੰਘ, ਚਮਨ ਰਾਮ ਆਦਿ ਦੀ ਚੋਣ ਕੀਤੀ ਗਈ। ਆਦਿ ਧਰਮ ਮੰਡਲ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਆਦਿ ਡੰਕਾ ਅਖਬਾਰ ਸ਼ੁਰੂ ਕੀਤਾ ਗਿਆ। ਨਵੰਬਰ, 1926 ਵਿੱਚ ਜਲੰਧਰ ਵਿੱਚ ਆਦਿ ਧਰਮ ਸੰਗਠਨ ਦਾ ਪਹਿਲਾ ਦਫਤਰ ਖੋਲਿਆ ਗਿਆ ਅਤੇ ਬਾਬੂ ਜੀ ਜਲੰਧਰ ਰਹਿਣ ਲੱਗ ਪਏ ਜਿੱਥੇ ਉਹ 1940 ਤੱਕ ਰਹੇ ਅਤੇ ਆਦਿ ਧਰਮ ਮਿਸ਼ਨ ਅਤੇ ਅਛੂਤਾਂ ਦੀ ਭਲਾਈ ਲਈ ਕੰਮ ਕੀਤਾ। ਇਸ ਦੌਰਾਨ ਹੀ ਬਰਤਾਨੀਆ ਸਰਕਾਰ ਨੇ ਭਾਰਤ ਵਿੱਚ ਲੋਕਾਂ ਵਿਸ਼ੇਸ਼ ਤੋਰ ਤੇ ਦਲਿਤਾਂ ਦੀ ਸਥਿਤੀ ਦਾ ਜਾਇਜਾ ਲੈਣ ਲਈ ਸਰ ਜੋਹਨ ਸਾਇਮਨ ਦੀ ਅਗਵਾਈ ਵਿੱਚ ਇੱਕ ਕਮਿਸ਼ਨ ਨਿਯੁਕਤ ਕੀਤਾ ਜਿਸਨੂੰ ਸਾਇਮਨ ਕਮਿਸਨ ਕਿਹਾ ਜਾਂਦਾ ਹੈ। ਭਾਰਤ ਵਿੱਚ ਕਈ ਕਾਂਗਰਸੀ ਆਗੂਆਂ ਨੇ ਇਸ ਕਮਿਸ਼ਨ ਦਾ ਵਿਰੋਧ ਕੀਤਾ। ਬਾਬੂ ਮੰਗੂ ਰਾਮ ਨੇ ਸਾਇਮਨ ਕਮਿਸ਼ਨ ਅੱਗੇ ਅਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਦਲਿਤ ਨਾਂ ਹੀ ਹਿੰਦੂ ਹਨ, ਨਾ ਮੁਸਲਿਮ, ਨਾਂ ਸਿੱਖ ਅਤੇ ਨਾ ਹੀ ਇਸਾਈ ਹਨ। ਉਨ੍ਹਾਂ ਸਬੂਤਾ ਸਮੇਤ ਦੱਸਿਆ ਕਿ ਉਹ ਆਦਿ ਧਰਮੀ ਹਨ ਜੋਕਿ ਕਿਸੇ ਵੇਲੇ ਇਸ ਦੇਸ਼ ਦੇ ਸ਼ਾਸ਼ਕ ਰਹੇ ਹਨ। ਅੰਤ ਲੰਬੇ ਸੰਘਰਸ਼ ਅਤੇ ਬਹਿਸ ਤੋਂ ਬਾਦ ਸਦੀਆਂ ਤੋਂ ਵਿਤਕਰੇ ਦਾ ਸ਼ਿਕਾਰ ਰਹੇ ਲੋਕਾਂ ਨੂੰ ਆਦਿਧਰਮ ਦਾ ਨਾਮ ਮਿਲਿਆ। ਇਸ ਦੌਰਾਨ ਹੀ ਅਛੂਤਾਂ ਨੂੰ ਪੜ੍ਹਣ, ਜਾਇਦਾਦ ਖਰੀਦਣ ਅਤੇ ਵੋਟ ਦਾ ਅਧਿਕਾਰ ਆਦਿ ਮਿਲੇ। 1931 ਵਿੱਚ ਹੋਈ ਜਨਗਣਨਾ ਵਿੱਚ ਪਹਿਲੀ ਵਾਰ ਆਦਿ ਧਰਮ ਨੂੰ ਜੋੜ੍ਹਿਆ ਗਿਆ ਅਤੇ ਉਸ ਵੇਲੇ ਪੰਜਾਬ ਵਿੱਚ ਲੱਗਭੱਗ 418789 ਲੋਕਾਂ ਨੇ ਜੋਕਿ ਕੁੱਲ ਅਬਾਦੀ ਦਾ ਲਗਭਗ 1.5 ਫਿਸਦੀ ਸੀ ਨੇ ਅਪਣਾ ਧਰਮ ਆਦਿ ਧਰਮ ਲਿਖਾਇਆ ਸੀ। ਉਸ ਵੇਲੇ ਗ੍ਰੇਟਰ ਪੰਜਾਬ ਦੀ ਕੁੱਲ ਅਬਾਦੀ ਲਗਭਗ 28491000 ਸੀ। ਵਰਨਣਯੋਗ ਹੈ ਕਿ ਇਸ ਵਿੱਚੋਂ 80 ਫੀਸਦੀ ਤੋਂ ਵੱਧ ਲੋਕ ਪੰਜਾਬ ਦੇ ਜਲੰਧਰ ਅਤੇ ਹੁਸ਼ਿਆਰਪੁਰ ਨਾਲ ਹੀ ਸਬੰਧਿਤ ਸਨ। 1930,31,32 ਵਿੱਚ ਲੰਡਨ ਵਿੱਚ ਹੋਈਆ ਗੋਲਮੇਜ਼ ਕਾਨਫਰੰਸਾ ਵਿੱਚ ਇਹ ਸਾਬਤ ਕਰਨ ਲਈ ਕਿ ਦਲਿਤਾਂ ਦੇ ਅਸਲੀ ਆਗੂ ਡਾਕਟਰ ਅੰਬੇਡਕਰ ਹਨ ਲਈ ਪੰਜਾਬ ਅਤੇ ਹੋਰ ਸੂਬਿਆਂ ਤੋਂ ਦਲਿਤ ਆਗੂਆਂ ਨੇ ਪੱਤਰ ਅਤੇ ਤਾਰਾਂ ਭੇਜੀਆਂ ਸਨ। ਇਨ੍ਹਾਂ ਗੋਲਮੇਜ਼ ਕਾਨਫਰੰਸਾਂ ਤੋਂ ਬਾਦ ਬਰਤਾਨੀਆ ਸਰਕਾਰ ਨੇ ਦਲਿਤਾਂ ਲਈ ਅਲੱਗ ਚੌਣ ਵਿਵਸਥਾ ਦੀ ਮੰਨਜੂਰੀ ਦੇ ਦਿਤੀ ਜਿਸਨੂੰ ਕਮਿਊਨਲ ਐਵਾਰਡ ਦਾ ਨਾਮ ਦਿਤਾ ਗਿਆ। ਇਸ ਕਮਿਊਨਲ ਐਵਾਰਡ ਦੇ ਵਿਰੋਧ ਵਿੱਚ ਕਾਂਗਰਸੀ ਆਗੂ ਗਾਂਧੀ ਜਿਸਨੇ ਪਹਿਲਾਂ ਗੋਲਮੇਜ਼ ਕਾਨਫਰੰਸ ਵਿੱਚ ਵੀ ਡਾਕਟਰ ਅੰਬੇਡਕਰ ਦੇ ਦਾਖਲੇ ਦਾ ਵਿਰੋਧ ਕੀਤਾ ਸੀ ਨੇ ਯਰਵਦਾ ਜੇਲ ਵਿੱਚ 20 ਸਤੰਬਰ, 1932 ਨੂੰ ਮਰਨ ਵਰਤ ਰੱਖ ਲਿਆ। ਗਾਂਧੀ ਦੀ ਇਸ ਕਾਰਵਾਈ ਦਾ ਵਿਰੋਧ ਕਰਨ ਲਈ ਆਦਿ ਧਰਮ ਆਗੂਆਂ ਨੇ ਵੀ ਮਰਨ ਵਰਤ ਸ਼ੁਰੂ ਕਰ ਦਿਤਾ। 24 ਸਤੰਬਰ 1932 ਨੂੰ ਡਾਕਟਰ ਅੰਬੇਡਕਰ ਅਤੇ ਗਾਂਧੀ ਵਿਚਕਾਰ ਸਮਝੋਤਾ ਹੋਇਆ ਜਿਸਨੂੰ ਪੂਨਾ ਪੈਕਟ ਕਿਹਾ ਜਾਂਦਾ ਹੈ ਅਤੇ ਇਸ ਸਮਝੋਤੇ ਵਿੱਚ ਦਲਿਤਾਂ ਨੂੰ ਵਖਰੀ ਚੌਣ ਵਿਵਸਥਾ ਦੀ ਥਾਂ ਰਾਖਵਾਂਕਰਣ ਦਿਤਾ ਗਿਆ ਜਿਸ ਅਨੁਸਾਰ ਭਾਰਤ ਦੀਆਂ ਵੱਖ ਵੱਖ ਵਿਧਾਨ ਸਭਾਵਾਂ ਲਈ ਕੁੱਲ 148 ਸੀਟਾਂ ਦਲਿਤਾਂ ਲਈ ਰਾਖਵੀਆਂ ਰੱਖੀਆਂ ਗਈਆਂ ਜਿਨ੍ਹਾਂ ਵਿੱਚ ਉਸ ਵੇਲੇ ਪੰਜਾਬ ਦੀਆਂ 08 ਸੀਟਾਂ ਸਨ। 1937 ਵਿੱਚ ਪੰਜਾਬ ਵਿੱਚ ਹੋਈਆ ਚੋਣਾਂ ਵਿੱਚ ਆਦਿ ਧਰਮ ਮੰਡਲ ਨੇ ਬਾਬੂ ਮੰਗੂ ਰਾਮ ਮੂਗੋਵਾਲੀਆ ਦੀ ਅਗਵਾਈ ਵਿੱਚ ਰਾਖਵੀਆਂ 8 ਸੀਟਾਂ ਵਿਚੋਂ 7 ਤੇ ਜਿੱਤ ਹਾਸਲ ਕੀਤੀ। 1946 ਵਿੱਚ ਬਾਬੂ ਮੰਗੂ ਰਾਮ ਆਪ ਵੀ ਵਿਧਾਇਕ ਬਣੇ ਅਤੇ 1952 ਤੱਕ ਵਿਧਾਇਕ ਰਹੇ। ਅਜਾਦ ਭਾਰਤ ਵਿੱਚ ਵੀ ਆਪ ਨੇ ਆਦਿ ਧਰਮ ਲਹਿਰ ਨੂੰ ਚਲਾਉਣ ਲਈ ਲਗਾਤਾਰ ਸੰਘਰਸ਼ ਕੀਤਾ। ਅੱਜ ਦੇ ਦਿਨ 22 ਅਪੈ੍ਰਲ 1980 ਨੂੰ ਗਦਰ ਲਹਿਰ ਅਤੇ ਆਦਿ ਧਰਮ ਅੰਦੋਲਨ ਦਾ ਇਹ ਦਲਿਤ ਆਗੂ ਸਾਨੂੰ ਸਦੀਵੀ ਵਿਛੋੜਾ ਦੇ ਗਿਆ। ਆਪ ਵਲੋਂ ਦੇਸ਼ ਦੀ ਅਜ਼ਾਦੀ ਲਈ ਕੀਤੇ ਗਏ ਸੰਘਰਸ਼ ਅਤੇ ਸਦੀਆਂ ਤੋਂ ਲਿਤਾੜ੍ਹੇ ਵਰਗਾਂ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਕਾਰਨ ਬਾਬੂ ਮੰਗੂ ਰਾਮ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ
9417563054
.jpg)



.jpg)




.jpg)
.jpeg)

.jpeg)

.jpeg)
