ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵੱਲੋਂ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਰਾਜ ਦੇ ਮੁਖ ਮੰਤਰੀ ਨੂੰ ਮੰਗ ਪੱਤਰ ਦਿੱਤੇ ਗਏ।

ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵੱਲੋਂ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਰਾਜ ਦੇ ਮੁਖ ਮੰਤਰੀ ਨੂੰ ਮੰਗ ਪੱਤਰ ਦਿੱਤੇ ਗਏ।

ਜਲੰਧਰ, 27 ਮਈ  (ਚੰਦੜ੍ਹ) - ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਪੰਜਾਬ ਚੈਪਟਰ ਵੱਲੋਂ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਰਾਜ ਦੇ ਮੁਖ ਮੰਤਰੀ ਨੂੰ ਮੰਗ ਪੱਤਰ ਦਿੱਤੇ ਗਏ। ਇਹ ਮੰਗ ਪੱਤਰ ਮੋਹਾਲੀ ਨੂੰ ਛੱਡ ਕੇ ਰਾਜ ਦੇ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰ ਅਤੇ ਐਸਡੀਐਮ ਨੂੰ ਦਿੱਤੇ ਗਏ। 250 ਜਥੇਬੰਦੀਆਂ ਅਧਾਰਿਤ ਤਾਲਮੇਲ ਕਮੇਟੀ ਵੱਲੋਂ ਅੱਜ ਸਾਰੇ ਭਾਰਤ ’ਚ ‘ਕਿਸਾਨ ਬਚਾਓ-ਦੇਸ਼ ਬਚਾਓ ਦਿਵਸ’ ਮਨਾਇਆ ਜਾ ਰਿਹਾ ਹੈ, ਜਿਸ ਮੌਕੇ ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਇਹ ਮੰਗ ਪੱਤਰ ਦਿੱਤੇ ਗਏ। ਰਾਜ ਅੰਦਰ ਵੱਖ-ਵੱਖ ਥਾਵਾਂ ’ਤੇ ਕਿਸਾਨਾਂ ਦੀਆਂ ਖੇਤੀ ਨਾਲ ਜੁੜੀਆਂ ਮੰਗਾਂ, ਕਰੋਨਾਂ ਮਹਾਂਮਾਰੀ ਅਤੇ ਬਿਨ੍ਹਾਂ ਤਿਆਰੀ ਤੋਂ ਲਾਗੂ ਕੀਤੇ ਲੌਕ ਡਾਊਨ ਕਰਕੇ ਉਪਜੀਆਂ ਮੰਗਾਂ, ਅਤੇ 20 ਲੱਖ ਕਰੋੜ ਦੇ ਕਿਸਾਨ ਪੈਕੇਜ ਦੇ ਪਰਦੇ ਥੱਲੇ ਖੇਤੀ ਦੇ ਨਿਗ਼ਮੀਕਰਣ ਅਤੇ ਨਿਜੀਕਰਣ ਦੇ ਲਏ ਗਏ ਫੈਸਲਿਆਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾ ਕੇ ਆਉਣ ਵਾਲੇ ਦਿਨਾਂ ’ਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ ਗਿਆ।
ਇਸ ਸਬੰਧ ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਅੱਜ ਇੱਥੇ ਦੱਸਿਆ ਕਿ 25 ਨੁਕਾਤੀ ਮੰਗ ਪੱਤਰ ’ਚ ਜਿਣਸਾਂ ਦੇ ਮੰਡੀਕਰਨ, ਕਰਜ਼ਾ ਮੁਆਫ਼ੀ, ਫ਼ਸਲਾਂ ਦੇ ਭਾਅ ਸੁਆਮੀਨਾਥਨ ਕਮਿਸ਼ਨ ਮੁਤਾਬਿਕ ਦੇਣ, ਫਲ, ਸਬਜ਼ੀਆਂ, ਦੁੱਧ, ਲੱਕੜ, ਮੀਟ ਦੇ ਭਾਅ ਸੀ ਟੂ ਫਾਰਮੂਲਾ (ਲਾਗਤ ਖਰਚੇ ਜਮ੍ਹਾਂ 50 ਪ੍ਰਤੀਸ਼ਤ) ਮੁਤਾਬਿਕ ਤਹਿ ਕੀਤੇ ਜਾਣ, ਕਿਸਾਨਾਂ ਦੇ ਖਾਤਿਆਂ ’ਚ ਛੇ ਮਹੀਨੇ ਲਈ 10-10 ਹਜ਼ਾਰ ਰੁਪਏ ਖਾਤਿਆਂ ’ਚ ਪਾਉਣ, ਸਿੱਧੀ ਬਜਾਈ ਅਤੇ ਝੋਨੇ ਦੀ ਲਵਾਈ ਲਈ 16 ਘੰਟੇ ਬਿਜਲੀ ਦੇਣ ਦੀ ਮੰਗ, ਦੂਜੇ ਸੂਬਿਆਂ ਤੋਂ ਮਜ਼ਦੂਰਾਂ ਨੂੰ ਮੰਗਵਾਉਣ ਲਈ ਪੁਖਤਾ ਪ੍ਰਬੰਧ ਕਰਨ, ਪੰਜਾਬ ’ਚ ਗੰਨੇ ਦੇ 400 ਕਰੋੜ ਰੁਪਏ ਸਮੇਤ ਦੇਸ਼ ਭਰ ਦੇ 1300 ਕਰੋੜ ਰੁਪਏ ਦੇ ਬਕਾਏ 15 ਪ੍ਰਤੀਸ਼ਤ ਵਿਆਜ਼ ਸਮੇਤ ਦਵਾਉਣ ਤੋਂ ਇਲਾਵਾ ਯੂਨੀਵਰਸਿਟੀ ਤੇ ਖੇਤੀਬਾੜੀ ਵਿਭਾਗ ਦੇ ਨੱਕ ਹੇਠ ਨਕਲੀ ਬੀਜਾਂ ਸਬੰਧੀ ਹੋਏ ਘਪਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਵੀ ਕੀਤੀ ਗਈ।
ਰਾਜ ਦੇ ਵੱਖ-ਵੱਖ ਕੋਨਿਆਂ ’ਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਡਾ. ਦਰਸ਼ਨ ਪਾਲ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਅਤੇ ਜਨਰਲ ਸਕੱਤਰ ਜਗਮੋਹਣ ਸਿੰਘ, ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ) ਦੇ ਪ੍ਰਧਾਨ ਭੁਪਿੰਦਰ ਸਿੰਘ ਸਾਂਭਰ ਅਤੇ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ, ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਗੁਰਚੇਤਨ ਸਿੰਘ ਅਤੇ ਜਨਰਲ ਸਕੱਤਰ ਮੇਜਰ ਸਿੰਘ ਪੁੰਨ੍ਹਾਂਵਾਲ, ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਅਤੇ ਜਨਰਲ ਸਕੱਤਰ ਗੁਰਨਾਮ ਸਿੰਘ ਭੀਖੀ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਜਨਰਲ ਸਕੱਤਰ ਜਤਿੰਦਰ ਸਿੰਘ ਛੀਨਾ, ਕਿਸਾਨ ਸੰਘਰਸ਼ ਕਮੇਟੀ (ਕੋਟ ਬੱਢਾ) ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ, ਜਨਰਲ ਸਕੱਤਰ ਹਰਜੀਤ ਸਿੰਘ, ਆਜਾਦ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਅਤੇ ਜਨਰਲ ਸਕੱਤਰ ਨਿਰਵੈਲ ਸਿੰਘ ਦਾਲੇਕੇ, ਜੈ ਕਿਸਾਨ ਅੰਦੋਲਨ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਬਰਨਾਲਾ ਦੀ ਅਗਵਾਈ ਹੇਠ ਹੋਏ ਕਿਸਾਨਾਂ ਦੇ ਇਕੱਠਾਂ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਰੋਨਾਂ ਮਹਾਂਮਾਰੀ ਦੇ ਦੌਰ ਵਿੱਚ ਕਿਸਾਨਾਂ ਵਾਸਤੇ 20 ਲੱਖ ਕਰੋੜ ਦੇ ਪੈਕੇਜ ’ਚੋਂ ਕਿਸਾਨਾਂ ਪੱਲੇ ਕਾਣੀ ਕੌਡੀ ਵੀ ਨਹੀਂ ਪਈ ਅਤੇ ਇਸ ਦੇ ਪਰਦੇ ਪਿਛੇ ਸੰਸਾਰ ਵਪਾਰ ਸੰਸਥਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀ ਪੈਦਾਵਾਰ ਮਾਰਕੀਟ ਕਮੇਟੀ ਕਾਨੂੰਨ ਅਤੇ ਜਰੂਰੀ ਵਸਤਾਂ ਕਾਨੂੰਨ ਦਾ ਭੋਗ ਪਾਕੇ ਠੇਕਾ ਖੇਤੀ ਕਾਨੂੰਨ, ਕੇਂਦਰੀਕਿ੍ਰਤ ਇਲੈਕਟਰਾਨਿਕ ਦੇਸ਼ ਵਿਆਪੀ ਖੇਤੀ ਮੰਡੀ, ਸਬਸਿਡੀਆਂ ਬੰਦ ਕਰਨ ਅਤੇ ਖੇਤੀ ਸੈਕਟਰ ਵਿੱਚ ਸੱਟਾ ਬਾਜ਼ਾਰੀ ਨੂੰ ਲਾਗੂ ਕਰਨ ਵੱਲ ਇੱਕ ਵੱਡਾ ਕਦਮ ਪੁੱਟਕੇ, ਸਮਰੱਥਨ ਮੁੱਲ ਖਤਮ ਕਰਕੇ ਅਤੇ ਮੰਡੀਆਂ ਅਤੇ ਜਮੀਨ ਦੇ ਅਦਿਗ੍ਰਹਿਣ ਲਈ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆ ਦੇ ਖੂੰਨੀ ਜੁਬਾੜ੍ਹਿਆਂ ਵਿੱਚ ਸੁੱਟਣ ਲਈ ਰਾਹ ਪੱਧਰਾ ਕਰ ਲਿਆ ਹੈ।
ਆਗੂਆਂ ਨੇ ਕਾਰਪੋਰੇਟ ਪੱਖੀ, ਕਿਸਾਨ ਤੇ ਦੇਸ਼ ਵਿਰੋਧੀ ਨਿੱਜੀਕਰਣ ਅਤੇ ਨਿਗਮੀਕਰਣ ਦੀਆਂ ਨੀਤੀਆਂ ਤਹਿਤ ਕੀਤੇ ਉਪਰੋਕਤ ਫੈਸਲਿਆਂ ਨੂੰ ਰੱਦ ਕਰਨ ਦੀ ਮੰਗ ਕੀਤੀ। ਬਿਜਲੀ ਸੋਧ ਬਿਲ-2020 ਰੱਦ ਕਰਨ ਦੀ ਮੰਗ ਕਰਦਿਆਂ ਆਗੂਆਂ ਨੇ ਕਿਹਾ ਕਿ ਇਸ ਨਾਲ ਲੋਕਾਂ ’ਤੇ ਹੋਰ ਭਾਰ ਵਧੇਗਾ। ਇਸ ਮੌਕੇ ਸਾਰੇ ਕਿਸਾਨ ਪਰਿਵਾਰਾਂ ਖਾਸ ਕਰੇ 10 ਏਕੜ ਤੱਕ ਦੇ ਕਿਸਾਨਾਂ, ਬੇਜ਼ਮੀਨੇ ਕਾਸ਼ਤਕਾਰਾਂ, ਪੇਂਡੂ ਮਜ਼ਦੂਰਾਂ ਅਤੇ ਸਾਰੇ ਸੀਮਾਂਤ, ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਬੈਂਕ ਖਾਤਿਆਂ ਵਿੱਚ ਛੇ ਮਹੀਨਿਆਂ ਲਈ 10,000 ਰੁਪਏ ਪ੍ਰਤੀ ਮਹੀਨਾਂ ਜਮ੍ਹਾਂ ਕਰਵਾਉਣ ਦੀ ਮੰਗ ਵੀ ਜ਼ੋਰਦਾਰ ਤਰੀਕੇ ਨਾਲ ਉਠਾਈ ਗਈ।
ਦੇਸ਼ ਦੇ ਸਾਰੇ ਸੀਮਾਂਤ, ਛੋਟੇ ਅਤੇ ਦਰਮਿਆਨੇ ਕਿਸਾਨਾਂ ਅਤੇ ਮਜ਼ਦੂਰਾਂ, ਜੋ ਪ੍ਰਵਾਸੀ ਮਜ਼ਦੂਰ ਹੋਣ ਕਰਕੇ, ਹੁਣ ਘਰਾਂ ਨੂੰ ਵਾਪਸ ਜਾ ਰਹੇ ਅਤੇ ਆ ਰਹੇ ਹਨ ਲਈ ਮੁਫ਼ਤ ਗੱਡੀਆਂ ਅਤੇ ਬੱਸਾਂ, ਭੋਜਨ, ਸਿਹਤ ਸੇਵਾਵਾਂ ਅਤੇ ਉਹਨਾਂ ਦੀਆਂ ਤਨਖਾਹਾਂ ਦਾ ਪ੍ਰਬੰਧ ਕਰਨ ਅਤੇ ਜ਼ਰੂਰਤਮੰਦਾਂ ਲਈ ਖਾਣਪੀਣ ਦਾ ਜ਼ਰੂਰੀ ਸਮਾਨ ਦੇਣ ਦੀ ਮੰਗ ਕੀਤੀ ਗਈ। ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਹਰ ਉਸ ਕਿਸਾਨ, ਜਿਸਦੀ ਕਰੋਨਾਂ ਕਰਕੇ, ਜਾਂ ਕੰਮ ਕਰਦਿਆਂ ਐਕਸੀਡੈਂਟ ਕਰਕੇ ਜਾਂ ਘਰਾਂ ਨੂੰ ਵਾਪਿਸ ਜਾਂਦਿਆਂ ਐਕਸੀਡੈਂਟ ਕਰਕੇ ਜਾਂ ਭੁੱਖ ਕਰਕੇ ਮੌਤ ਹੋਈ ਹੈ, ਦੇ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ ਗਈ। ਸਾਉਣੀ ਦੀ ਫ਼ਸਲ ਲਈ ਕਿਸਾਨਾਂ ਨੂੰ ਬੀਜ, ਖਾਦਾਂ, ਨਦੀਨਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ, ਖੇਤੀ ਮਸ਼ੀਨਰੀ ਅਤੇ ਕਲਪੁਰਜੇ 50% ਸਬਸਿਡੀ ’ਤੇ ਦੇਣ ਅਤੇ ਡੀਜ਼ਲ ਦਾ ਰੇਟ 22.00 ਰੁਪਏ ਪ੍ਰਤੀ ਲਿਟਰ ਦੀ ਮੰਗ ਕਰਦਿਆਂ ਹਾੜ੍ਹੀ ਦੀ ਕਰਜੇ ਦੀ ਕਿਸ਼ਤ ਸਮੇਤ ਵਿਆਜ ਰੱਦ ਕਰਨ ਦੀ ਮੰਗ ਵੀ ਕੀਤੀ ਗਈ।

super visa