ਕੈਪਟਨ ਸਰਕਾਰ ਦੇ ਯਤਨਾਂ ਸਦਕਾ ਦੋ ਹੋਰ ‘ਸ਼੍ਰਮਿਕ ਐਕਸਪ੍ਰੈਸ’ ਰੇਲ ਗੱਡੀਆਂ ਸੀਤਾਪੁਰ ਅਤੇ ਰਾਏ ਬਰੇਲੀ ਲਈ ਰਵਾਨਾ

ਕੈਪਟਨ ਸਰਕਾਰ ਦੇ ਯਤਨਾਂ ਸਦਕਾ ਦੋ ਹੋਰ ‘ਸ਼੍ਰਮਿਕ ਐਕਸਪ੍ਰੈਸ’ ਰੇਲ ਗੱਡੀਆਂ ਸੀਤਾਪੁਰ ਅਤੇ ਰਾਏ ਬਰੇਲੀ ਲਈ ਰਵਾਨਾ

ਜਲੰਧਰ, 13 ਮਈ (ਸੰਦੀਪ) – ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਸੰਜੀਦਾ ਯਤਨਾਂ ਸਦਕਾ ਦੋ ਹੋਰ ਸ਼੍ਰਮਿਕ ਐਕਸਪ੍ਰੈਸ ਰੇਲ ਗੱਡੀਆ ਜਲੰਧਰ ਤੋਂ 2400 ਪ੍ਰਵਾਸੀ ਕਾਮਿਆਂ ਨੂੰ ਲੈ ਕੇ ਸੀਤਾਪੁਰ ਅਤੇ ਰਾਏ ਬਰੇਲੀ ਲਈ ਰਵਾਨਾ ਹੋਈਆਂ।
                   ਸੂਬਾ ਸਰਕਾਰ ਵਲੋਂ ਪ੍ਰਵਾਸੀ ਕਾਮਿਆਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਸੀਤਾਪੁਰ ਰੇਲ ਗੱਡੀ ’ਤੇ 4.92 ਲੱਖ ਰੁਪਏ ਅਤੇ ਰਾਏ ਬਰੇਲੀ ਰੇਲ ਗੱਡੀ ’ਤੇ 5.58 ਲੱਖ ਰੁਪਏ ਖ਼ਰਚ ਕੀਤੇ ਗਏ। 27ਵੀਂ ਸ਼੍ਰਮਿਕ ਐਕਸਪ੍ਰੈਸ ਰੇਲ ਗੱਡੀ ਸਵੇਰੇ 8 ਵਜੇ ਅਤੇ 28 ਸ਼੍ਰਮਿਕ ਐਕਸਪ੍ਰੈਸ ਰੇਲ ਗੱਡੀ ਬਾਅਦ ਦੁਪਹਿਰ 2 ਵਜੇ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈਆ ਅਤੇ ਇਨਾ ਦੋਵਾਂ ਰੇਲ ਗੱਡੀਆਂ ਰਾਹੀਂ ਸੂਬਾ ਸਰਕਾਰ ਵਲੋਂ ਪ੍ਰਵਾਸੀਆਂ ਕਾਮਿਆਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਉਣ ’ਤੇ 10.50 ਲੱਖ ਰੁਪਏ ਖ਼ਰਚ ਕੀਤੇ ਗਏ।
                             ਰੇਲ ਗੱਡੀਆਂ ਰਵਾਨਾ ਹੋਣ ਤੋਂ ਪਹਿਲਾਂ ਜਿਲ੍ਹਾ ਪ੍ਰਸ਼ਾਸਨ ਵਲੋਂ ਪ੍ਰਵਾਸੀ ਕਾਮਿਆਂ ਨੂੰ ਵੱਖ-ਵੱਖ ਸਥਾਨਾਂ ਤੋਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਰਾਹੀਂ ਸ਼ਹਿਰ ਦੇ ਰੇਲਵੇ ਸਟੇਸ਼ਨ ਉਤੇ ਮੁਫ਼ਤ ਲਿਆਂਦਾ ਗਿਆ। ਪ੍ਰਵਾਸੀਆਂ ਕਾਮਿਆਂ ਨੂੰ ਰੇਲਵੇ ਸਟੇਸ਼ਨ ’ਤੇ ਮੁਫ਼ਤ ਭੋਜਨ, ਪਾਣੀ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਇਸ ਉਪਰੰਤ ਸਾਰੇ ਪ੍ਰਵਾਸੀ ਕਾਮਿਆਂ ਦਾ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਚੈਕਅੱਪ ਕਰਨ ਉਪਰੰਤ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰਦੇ ਹੋਏ ਰੇਲ ਗੱਡੀਆਂ ਵਿੱਚ ਚੜ੍ਹਨ ਦੀ ਆਗਿਆ ਦਿੱਤੀ ਗਈ। 
                   ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਸ੍ਰੀ ਬਲਕਾਰ ਸਿੰਘ ਜੋ ਕਿ ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਸਾਰੀ ਪ੍ਰਕਿਰਿਆ ਦੀ ਦੇਖ ਰੇਖ ਕਰ ਰਹੇ ਸਨ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲ ਹੈ ਜਿਸ ਰਾਹੀਂ ਜੋ ਪ੍ਰਵਾਸੀ ਕਾਮੇ ਆਪਣੇ ਘਰ ਜਾਣਾ ਚਾਹੁੰਦੇ ਹਨ ਉਨ੍ਹਾਂ ਨੂੰ ਮੁਫ਼ਤ ਰੇਲ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਕਿ ਉਹ ਬਿਨਾਂ ਕਿਸੇ ਪਰੇਸ਼ਾਨੀ ਦੇ ਜਾ ਸਕਣ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਪ੍ਰਵਾਸੀਆਂ ਕਾਮਿਆਂ ਨੂੰ ਬਿਨਾਂ ਕਿਸੇ ਦਿੱਕਤ ਦੇ ਭੇਜਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।


 

super visa