ਕੈਪਟਨ ਸਰਕਾਰ ਵਲੋਂ 8400 ਪ੍ਰਵਾਸੀਆਂ ਨੂੰ ਜਲੰਧਰ ਤੋਂ ਮੁਫ਼ਤ ਉਨ੍ਹਾਂ ਦੇ ਜੱਦੀ ਸੂਬਿਆਂ ਨੂੰ ਵਾਪਿਸ ਭੇਜਣ ’ਤੇ 51.24 ਲੱਖ ਖ਼ਰਚ

ਕੈਪਟਨ ਸਰਕਾਰ ਵਲੋਂ 8400 ਪ੍ਰਵਾਸੀਆਂ ਨੂੰ ਜਲੰਧਰ ਤੋਂ ਮੁਫ਼ਤ ਉਨ੍ਹਾਂ ਦੇ ਜੱਦੀ ਸੂਬਿਆਂ ਨੂੰ ਵਾਪਿਸ ਭੇਜਣ ’ਤੇ 51.24 ਲੱਖ ਖ਼ਰਚ

ਜਲੰਧਰ, 7 ਮਈ (ਸੰਦੀਪ) – ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਜਲੰਧਰ ਤੋਂ ਕਰੀਬ 8400 ਪ੍ਰਵਾਸੀਆਂ ਨੂੰ ਉਨ੍ਹਾਂ ਦੇ ਜੱਦੀ ਸੂਬਿਆਂ ਵਿੱਚ ਵਾਪਿਸ ਭੇਜਣ ਲਈ ‘ ਸ਼੍ਰਮਿਕ ਐਕਸਪ੍ਰੈਸ’ ਰੇਲ ਗੱਡੀਆਂ ਰਾਹੀਂ ਉਨ੍ਹਾਂ ਦੇ ਮੁਫ਼ਤ ਸਫ਼ਰ ਨੂੰ ਯਕੀਨੀ ਬਣਾਉਣ ਲਈ 51.24 ਲੱਖ ਰੁਪਏ ਖ਼ਰਚ ਕੇ ਵੱਡੀ ਰਾਹਤ ਪ੍ਰਦਾਨ ਕੀਤੀ ਹੈ।
                             ਅਜਿਹੀ ਸਤਵੀਂ ਰੇਲ ਗੱਡੀ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਅੱਜ ਦਰਬੰਗਾ (ਬਿਹਾਰ) ਲਈ ਵਿਧਾਇਕ ਸ੍ਰੀ ਸੁਸ਼ੀਲ ਕੁਮਾਰ ਰਿੰਕੂ, ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਵਧੀਕ ਕਮਿਸ਼ਨਰ ਨਗਰ ਨਿਗਮ ਬਬੀਤਾ ਕਲੇਰ, ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਬਲਕਾਰ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਡੀ.ਸੁਧਰਵਿਜ਼ੀ ਦੀ ਮੌਜੂਦਗੀ ਵਿੱਚ ਰਵਾਨਾ ਹੋਈ।
                             ਇਸ ਮੌਕੇ ਬੋਲਦਿਆਂ ਵਿਧਾਇਕ ਅਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪਿਛਲੇ 48 ਘੰਟਿਆਂ ਵਿੱਚ ਸੂਬਾ ਸਰਕਾਰ ਵਲੋਂ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਇਹ ਸਤਵੀਂ ਰੇਲ ਗੱਡੀ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਇਕ ਹੋਰ ਰੇਲ ਗੱਡੀ ਰਾਤ ਨੂੰ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਬਹਿਰੀਚ (ਉਤੱਰ ਪ੍ਰਦੇਸ਼) ਲਈ ਰਵਾਨਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 1200 ਯਾਤਰੀਆਂ ਦੀ ਸਮਰੱਥਾ ਵਾਲੀ ਹਰ ਰੇਲ ਗੱਡੀ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਚਲਾਈ ਜਾ ਰਹੀ ਹੈ ਅਤੇ ਪ੍ਰਵਾਸੀਆਂ ਦੇ ਮੁਫ਼ਤ ਸਫ਼ਰ ਨੂੰ ਯਕੀਨੀ ਬਣਾਉਣ ਲਈ ਹਰ ਰੇਲ ਗੱਡੀ ਦਾ ਖ਼ਰਚਾ ਪੰਜਾਬ ਸਰਕਾਰ ਵਲੋਂ ਕੀਤਾ ਜਾ ਰਿਹਾ ਹੈ।
                             ਵਿਧਾਇਕ ਅਤੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕੈਪਟਨ ਸਰਕਾਰ ਵਲੋਂ ਡਾਲਟਨਗੰਜ ਲਈ  ਰਵਾਨਾ ਕੀਤੀ ਗਈ ਰੇਲ ਗੱਡੀ ’ਤੇ ਸਾਰੇ ਪ੍ਰਵਾਸੀਆਂ ਨੂੰ ਮੁਫ਼ਤ ਸਫ਼ਰ ਲਈ 7.12 ਲੱਖ ਰੁਪਏ , ਗਾਜ਼ੀਪੁਰ ਅਤੇ ਬਨਾਰਸ ਲਈ 6.59 ਲੱਖ, ਲਖਨਊ ਲਈ 5.22 ਲੱਖ ਰੁਪਏ, ਗੋਰਖਪੁਰ ਲਈ 6.24 ਲੱਖ ਰੁਪਏ, ਆਯੋਧਿਆ ਲਈ 5.76 ਲੱਖ ਰੁਪਏ, ਆਜ਼ਮਗੜ ਲਈ 7.06 ਲੱਖ ਰੁਪਏ ਅਤੇ ਦਰਬੰਗਾ ਲਈ 7.36 ਲੱਖ ਰੁਪਏ ਰੇਲ ਗੱਡੀਆਂ ’ਤੇ ਖ਼ਰਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਅੱਜ ਦੇਰ ਰਾਤ ਬਹਿਰੀਚ ਲਈ ਰਵਾਨਾ ਹੋਣ ਵਾਲੀ ਰੇਲ ਗੱਡੀ ’ਤੇ ਪੰਜਾਬ ਸਰਕਾਰ ਵਲੋਂ 5.88 ਲੱਖ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸਾਰੀਆਂ ਰੇਲ ਗੱਡੀਆਂ ਰਾਹੀਂ ਪ੍ਰਵਾਸੀਆਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਵਲੋਂ 51.24 ਲੱਖ ਰੁਪਏ ਖ਼ਰਚੇ ਗਏ ਹਨ।
                   ਵਿਧਾਇਕ ਅਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਪਹਿਲੇ ਪੜਾਅ ਦੌਰਾਨ ਪ੍ਰਵਾਸੀਆਂ ਨੂੰ ਰੇਲਵੇ ਦੁਆਰਾ ਮੁਫ਼ਤ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਅਪਣੇ ਹਿੱਸੇ ਦੇ 35 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।  ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਬਾ ਸਰਕਾਰ ਪਾਸੋਂ ਇਹ ਰਾਸ਼ੀ ਪ੍ਰਾਪਤ ਹੋ ਚੁੱਕੀ ਹੈ ਜੋ ਕਿ ਰਜਿਸਟਰਡ ਹੋਏ ਯਾਤਰੀਆਂ ਨੂੰ ਰੇਲਵੇ ਟਿਕਟ ਮੁਹੱਈਆ ਕਰਵਾਉਣ ਲਈ ਰੇਲਵੇ ਵਿਭਾਗ ਨੂੰ ਸਿੱਧੀ ਤਬਦੀਲ ਕੀਤੀ ਜਾ ਰਹੀ ਹੈ ਤਾਂ ਕਿ ਇਹ ਯਾਤਰੀ ਮੁਫ਼ਤ ਆਪਣੇ ਜੱਦੀ ਸੂਬਿਆਂ ਨੂੰ ਜਾ ਸਕਣ।

super visa