ਕੋਰੋਨਾ ਵਾਇਰਸ ਨਾਲੋਂ ਵੱਧ ਖਤਰਨਾਕ ਸਾਬਿਤ ਹੋ ਸਕਦਾ ਹੈ ਕੋਰੋਨਾ ਵਾਇਰਸ ਦੇ ਨਾਮ ਤੇ ਫੈਲਾਇਆ ਜਾ ਰਿਹਾ ਅੰਧਵਿਸ਼ਵਾਸ਼ ਅਤੇ ਵਰਤੀ ਜਾ ਰਹੀ ਲਾਪਰਵਾਹੀ।
ਅੱਜ ਕੋਈ ਵੀ ਵਿਅਕਤੀ ਅਜਿਹਾ ਨਹੀਂ ਹੋਵੇਗਾ ਜਿਸਨੇ ਖਤਰਨਾਕ ਸਾਬਿਤ ਹੋ ਰਹੇ ਕੋਰੋਨਾ ਵਾਇਰਸ ਦਾ ਨਾਮ ਨਾਂ ਸੁਣਿਆ ਹੋਵੇ। ਚੀਨ ਦੇ ਵੂਹਾਨਾ ਤੋਂ ਚੱਲੇ ਇਸ ਖਤਰਨਾਕ ਵਾਇਰਸ ਦਾ ਪ੍ਰਭਾਵ ਹੁਣ ਲੱਗਭਗ ਪੂਰੇ ਵਿਸ਼ਵ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ 10 ਜਨਵਰੀ 2020 ਨੂੰ ਚੀਨ ਵਿੱਚ ਸਾਹਮਣੇ ਆਇਆ ਸੀ ਅਤੇ ਅੱਜ 29 ਮਾਰਚ, 2020 ਨੂੰ ਸਵੇਰੇ 7 ਵਜੇ ਜਾਰੀ ਰਿਪੋਰਟ ਅਨੁਸਾਰ ਪੂਰੇ ਵਿਸ਼ਵ ਵਿੱਚ ਕੁੱਲ 664621 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 30891 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 142368 ਵਿਅਕਤੀ ਠੀਕ ਹੋ ਚੁੱਕੇ ਹਨ। ਕਈ ਵਿਕਸਿਤ ਦੇਸ਼ ਵੀ ਇਸ ਵਾਇਰਸ ਕਾਰਨ ਤਬਾਹੀ ਦੇ ਕੰਢੇ ਪਹੁੰਚ ਗਏ ਹਨ। ਅਜੇ ਤੱਕ ਇਸਦਾ ਕੋਈ ਇਲਾਜ ਨਾਂ ਹੋਣ ਕਾਰਨ ਸਿਰਫ ਬਚਾਓ ਹੀ ਹੱਲ ਹੈ। ਚੀਨ, ਅਮਰੀਕਾ, ਇਟਲੀ, ਸਪੇਨ, ਇੰਗਲੈਡ ਆਦਿ ਜੋ ਕਿ ਸਿਹਤ ਸਹੂਲਤਾਂ ਵਿੱਚ ਕਾਫੀ ਅੱਗੇ ਅਤੇ ਵਿਕਸਿਤ ਹਨ ਵੀ ਇਸ ਵਾਇਰਸ ਅੱਗੇ ਲਾਚਾਰ ਮਹਿਸੂਸ ਕਰ ਰਹੇ ਹਨ। ਚੀਨ ਦੇ ਕੱਟੜ ਵਿਰੋਧੀ ਅਮਰੀਕਾ ਨੇ ਵੀ ਹੁਣ ਇਸ ਤੋਂ ਬਚਣ ਲਈ ਚੀਨ ਦੀ ਮੱਦਦ ਲਈ ਹੈ। ਸਾਡੇ ਦੇਸ਼ ਭਾਰਤ ਵਿੱਚ ਪਹਿਲਾ ਮਾਮਲਾ 29 ਜਨਵਰੀ, 2020 ਲੱਗਭੱਗ ਦੋ ਮਹੀਨੇ ਪਹਿਲਾਂ ਸਾਹਮਣੇ ਆਇਆ ਸੀ ਅਤੇ ਅੱਜ 29 ਮਾਰਚ, 2020 ਨੂੰ ਸਵੇਰੇ 7 ਵਜੇ ਜਾਰੀ ਰਿਪੋਰਟ ਅਨੁਸਾਰ ਕੁੱਲ 987 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚੋਂ 25 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 87 ਵਿਅਕਤੀ ਠੀਕ ਵੀ ਹੋ ਚੁੱਕੇ ਹਨ। ਕੁੱਝ ਮਾਹਿਰਾਂ ਅਨੁਸਾਰ ਆਣ ਵਾਲਾ ਸਮਾਂ ਸਾਡੇ ਦੇਸ਼ ਲਈ ਬਹੁਤ ਹੀ ਖਤਰਨਾਕ ਹੈ ਅਤੇ ਮਈ 2020 ਤੱਕ ਲੱਗਭੱਗ 13 ਲੱਖ ਮਾਮਲੇ ਸਾਹਮਣੇ ਆ ਸਕਦੇ ਹਨ ਜੋ ਕਿ ਇੱਕ ਖਤਰਨਾਕ ਸੰਕੇਤ ਹੈ। ਸਰਕਾਰ ਨੇ ਇਸਦੇ ਬਚਾਓ ਲਈ ਪਹਿਲਾਂ 22 ਮਾਰਚ ਐਤਵਾਰ ਨੂੰ ਇੱਕ ਦਿਨ ਲਈ ਲਾਕਡਾਊਨ ਕੀਤਾ ਸੀ ਅਤੇ ਹੁਣ 24 ਮਾਰਚ ਤੋਂ 21 ਦਿਨ ਲਈ ਪੂਰੇ ਦੇਸ਼ ਵਿੱਚ ਮੁਕੰਮਲ ਲਾਕਡਾਊਨ ਕੀਤਾ ਗਿਆ ਹੈ। ਦੇਸ਼ ਦੇ ਕੁੱਝ ਰਾਜਾਂ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਆਦਿ ਵਿੱਚ ਮੁਕੰਮਲ ਕਰਫਿਊ ਤੱਕ ਲਗਾਇਆ ਗਿਆ ਹੈ। ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, 20 ਤੋਂ ਵੱਧ ਵਿਅਕਤੀਆਂ ਦੇ ਇੱਕ ਥਾਂ ਇਕੱਠੇ ਹੋਣ ਤੇ ਪਾਬੰਦੀ ਲਗਾਈ ਗਈ ਹੈ, ਘਰੇਲੂ ਅਤੇ ਅੰਤਰਰਾਸਟਰੀ ਹਵਾਈ ਸੇਵਾਵਾਂ ਸਮੇਤ ਰੇਲ ਅਤੇ ਬੱਸ ਸੇਵਾਵਾਂ ਵੀ ਮੁਕੰਮਲ ਬੰਦ ਕਰ ਦਿਤੀਆਂ ਗਈਆਂ ਹਨ। ਬਹੁਤੇ ਉਦਯੋਗ, ਦਫਤਰ ਆਦਿ ਵੀ ਬੰਦ ਕੀਤੇ ਗਏ ਹਨ। ਬੇਸੱਕ ਸਰਕਾਰ ਵਲੋਂ ਵਾਰ ਵਾਰ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਇਸ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ ਪਰ ਇਨ੍ਹਾਂ ਦਾਅਵਿਆਂ ਦੀ ਅਸਲੀਅਤ ਕੁੱਝ ਹੋਰ ਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਦੇਸ਼ਾਂ ਅਨੁਸਾਰ 22 ਮਾਰਚ ਐਤਵਾਰ ਨੂੰ ਹੋਏ ਲਾਕਡਾਊਨ ਤੋਂ ਬਾਦ ਸ਼ਾਮ ਨੂੰ ਪੰਜ ਵਜੇ ਅਪਣੇ ਅਪਣੇ ਘਰ ਤਾਲੀਆਂ, ਥਾਲੀਆਂ ਆਦਿ ਵਜਾਉਣ ਦਾ ਪ੍ਰੋਗਰਾਮ ਕਈ ਥਾਵਾਂ ਤੇ ਵੱਡੇ ਸਮਾਗਮਾਂ ਦਾ ਰੂਪ ਧਾਰਨ ਕਰ ਗਿਆ ਅਤੇ ਹੈਰਾਨੀ ਇਸ ਗੱਲ ਦੀ ਹੈ ਅਜਿਹੀ ਕੁਤਾਹੀ ਵਿੱਚ ਕਈ ਥਾਵਾਂ ਤੇ ਰਾਜਨੀਤਿਕ ਆਗੂ ਅਤੇ ਜਿੰਮੇਵਾਰ ਅਧਿਕਾਰੀ ਵੀ ਅੱਗੇ ਰਹੇ ਹਨ ਜਿਨ੍ਹਾਂ ਖਿਲਾਫ ਹੁਣ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ। ਹਜਾਰਾਂ ਲੋਕ ਜੋਕਿ ਰੋਜੀ ਰੋਟੀ ਲਈ ਅਪਣੇ ਪਿੰਡਾਂ ਤੋਂ ਦੂਰ ਵੱਡੇ ਵੱਡੇ ਸ਼ਹਿਰਾਂ ਵੱਲ ਆਏ ਹੋਏ ਸਨ ਸਰਕਾਰਾਂ ਦੇ ਪ੍ਰਬੰਧਾਂ ਤੋਂ ਦੁਖੀ ਹੁਣ ਵੱਡੇ ਕਾਫਲਿਆਂ ਦੇ ਰੂਪ ਵਿੱਚ ਕਈ ਸੋ ਕਿਲੋਮੀਟਰ ਪੈਦਲ ਤੁਰਕੇ ਭੁੱਖੇ ਭਾਣੇ ਅਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ। ਸਮਾਜਿਕ ਅਤੇ ਆਰਥਿਕ ਤੋਰ ਤੇ ਪੱਛੜ੍ਹੇ ਇਨ੍ਹਾਂ ਲਾਚਾਰ ਅਤੇ ਮਜਬੂਰ ਲੋਕਾਂ ਵਿੱਚੋਂ ਕਈ ਤਾਂ ਅਪਣੇ ਪਿੰਡ ਪਹੁੰਚਣ ਤੋਂ ਪਹਿਲਾਂ ਹੀ ਅਪਣੀ ਜਾਨ ਤੋਂ ਵੀ ਹੱਥ ਧੋ ਬੈਠੇ ਹਨ। ਹੈਰਾਨੀ ਦੀ ਗੱਲ ਹੈ ਕਿ ਵਿਦੇਸ਼ਾਂ ਵਿੱਚ ਫਸੇ ਲੋਕਾਂ ਨੂੰ ਲਿਆਉਣ ਲਈ ਤਾਂ ਸਰਕਾਰ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ਜਦਕਿ ਅਪਣੇ ਹੀ ਦੇਸ਼ ਵਿੱਚ ਬੈਠੇ ਪ੍ਰਵਾਸੀ ਲੋਕਾਂ ਜਿਨ੍ਹਾਂ ਵਿੱਚ ਬਹੁ ਗਿਣਤੀ ਦਲਿਤਾਂ ਦੀ ਹੀ ਹੈ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ ਅਤੇ ਵੱਕਤ ਦੇ ਭਰੋਸੇ ਮਜਬੂਰਨ ਕਈ ਸੋ ਕਿਲੋਮੀਟਰ ਪੈਦਲ ਚੱਲਣ ਲਈ ਛੱਡਿਆ ਗਿਆ ਹੈ।
ਭਾਰਤ ਸਿਹਤ ਸੇਵਾਵਾਂ ਦੇ ਮਾਮਲੇ ਵਿੱਚ ਕਈ ਦੇਸ਼ਾਂ ਤੋਂ ਬਹੁਤ ਪਿੱਛੇ ਹੈ। ਸਾਡੇ ਦੇਸ਼ ਵਿੱਚ ਪਿਛਲੇ ਸਾਲਾਂ ਦੌਰਾਨ 2008-2009 ਤੋਂ ਲੈਕੇ 2019-2020 ਵਿੱਚ ਕੁੱਲ ਜੀ ਡੀ ਪੀ ਦਾ ਜਨਤਕ ਸਿਹਤ ਦਾ ਬਜਟ 1.2 ਫਿਸਦੀ ਤੋਂ ਲੈਕੇ 1.6 ਫਿਸਦੀ ਤੱਕ ਹੀ ਰਿਹਾ ਹੈ ਜੋਕਿ ਬੰਗਲਾ ਦੇਸ ਅਤੇ ਭੂਟਾਨ ਤੋਂ ਵੀ ਘੱਟ ਹੈ। ਜੇਕਰ ਦੇਸ਼ ਵਿੱਚ ਉਪਲੱਭਦ ਸਿਹਤ ਸਹੂਲਤਾਂ ਵੱਲ ਵੇਖੀਏ ਤਾਂ ਵਿਸ਼ਵ ਸਿਹਤ ਸੰਗਠਨ ਅਨੁਸਾਰ 1000 ਵਿਅਕਤੀਆਂ ਪਿੱਛੇ 01 ਡਾਕਟਰ ਹੋਣਾ ਚਾਹੀਦਾ ਹੈ ਜਦਕਿ ਭਾਰਤ ਵਿੱਚ ਲੱਗਭੱਗ 1404 ਵਿਅਕਤੀਆਂ ਪਿੱਛੇ 01 ਡਾਕਟਰ ਹੈ। ਭਾਰਤ ਜੋਕਿ ਪਿੰਡਾਂ ਦਾ ਦੇਸ਼ ਹੈ ਪਰ ਪਿੰਡਾਂ ਵਿੱਚ ਹਾਲਤ ਹੋਰ ਵੀ ਖੱਸਤਾ ਹੈ ਜਿੱਥੇ ਲੱਗਭੱਗ 10926 ਵਿਅੱਕਤੀਆਂ ਪਿੱਛੇ 01 ਡਾਕਟਰ ਹੈ। ਦੇਸ ਦੇ ਸਰਕਾਰੀ ਹਸਪਤਾਲਾਂ ਵਿੱਚ ਲੱਗਭੱਗ 7 ਲੱਖ 14 ਹਜਾਰ ਬੈੱਡ ਹੀ ਹਨ। ਜਿਵੇਂ ਕਿ ਕੋਰੋਨਾ ਵਾਇਰਸ ਤੋਂ ਪੀੜ੍ਹਿਤ ਵਿਅਕਤੀ ਨੂੰ ਸਾਹ ਦੀ ਸਮੱਸਿਆ ਆਂਦੀ ਹੈ ਅਤੇ ਇਸ ਲਈ ਵੈਂਟੀਲੇਟਰ ਦੀ ਜਰੂਰਤ ਪੈਂਦੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਸਾਡੇ ਦੇਸ ਵਿੱਚ ਵੈਂਟੀਲੇਟਰਾਂ ਦੀ ਭਾਰੀ ਕਮੀ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਸਾਡੇ ਦੇਸ ਵਿੱਚ ਲੱਗਭੱਗ 40 ਹਜਾਰ ਵੈਂਟੀਲੇਟਰ ਹਨ ਜਿਨ੍ਹਾਂ ਵਿੱਚੋਂ ਸਰਕਾਰੀ ਸਿਹਤ ਕੇਂਦਰਾਂ ਕੋਲ ਸਿਰਫ 8432 ਹੀ ਹਨ। ਇਸ ਵਾਇਰਸ ਕਾਰਨ ਪਭਾਵਿਤ ਵਿਅਕਤੀਆਂ ਨੂੰ ਬਚਾਉਣ ਲਈ ਲੱਗਭੱਗ 40 ਲੱਖ ਵੈਂਟੀਲੇਟਰ ਚਾਹੀਦੇ ਹਨ। ਪੰਜਾਬ ਵਰਗੇ ਵਿਕਸਿਤ ਸੂਬੇ ਵਿੱਚ ਵੀ ਲਗਭਗ 314 ਵੈਂਟੀਲੇਟਰ ਹਨ ਜਿਨ੍ਹਾਂ ਵਿੱਚੋਂ 290 ਨਿੱਜੀ ਹਸਪਤਾਲਾਂ ਵਿੱਚ ਹਨ। ਦੇਸ਼ ਵਿੱਚ ਉਪਲੱਭਦ ਸਿਹਤ ਸਹੂਲਤਾਂ ਨੂੰ ਵੇਖਦੇ ਹੋਏ ਸਾਨੂੰ ਹੋਰ ਵੀ ਵਧੇਰੇ ਚੌਕਸ ਹੋਣ ਦੀ ਜਰੂਰਤ ਹੈ। ਸਰਕਾਰੀ ਅਧਿਕਾਰੀਆਂ ਅਤੇ ਰਾਜਨੀਤੀਵਾਨਾਂ ਦੀ ਲਾਪਰਵਾਹੀ ਬਹੁਤ ਵੱਡਾ ਨੁਕਸਾਨ ਕਰ ਸਕਦੀ ਹੈ। ਦੇਸ਼ ਵਿੱਚ ਪਹਿਲਾ ਮਾਮਲਾ ਬੇਸੱਕ 29 ਜਨਵਰੀ, 2020 ਨੂੰ ਸਾਹਮਣੇ ਆਇਆ ਸੀ ਪਰ ਸਰਕਾਰ ਵਲੋਂ ਸਮੇਂ ਸਿਰ ਕਾਰਵਾਈ ਨਾਂ ਕਰਨ ਕਾਰਨ ਪੂਰਾ ਦੇਸ ਸੰਕਟਮਈ ਦੌਰ ਵਿੱਚ ਪੈ ਗਿਆ ਹੈ। ਪੰਜਾਬ ਜੋਕਿ ਇੱਕ ਵਿਕਸਿਤ ਸੂਬਾ ਮੰਨਿਆ ਜਾਂਦਾ ਹੈ ਵਿੱਚ ਇਸ ਸਮੇਂ ਦੌਰਾਨ ਹੀ ਲੱਗਭੱਗ 90 ਹਜਾਰ ਵਿਅਕਤੀ ਵਿਦੇਸਾਂ ਤੋਂ ਆਏ ਹਨ ਜਿਨ੍ਹਾਂ ਵਿਚੋਂ ਕਾਫੀ ਵਿਅਕਤੀਆਂ ਬਾਰੇ ਸਰਕਾਰ ਅਜੇ ਤੱਕ ਪਤਾ ਹੀ ਨਹੀਂ ਲਗਾ ਸਕੀ ਹੈ। ਦੱਸਣਯੋਗ ਹੈ ਕਿ ਪੰਜਾਬ ਦਾ ਪਹਿਲਾ ਮਾਮਲਾ ਮਿ੍ਰਤਕ ਬਲਦੇਵ ਸਿੰਘ ਵਾਸੀ ਪਠਾਲਵਾ ਜਿਲ੍ਹਾ ਨਵਾਂਸਹਿਰ ਦਾ ਸਾਹਮਣੇ ਆਇਆ ਸੀ ਜੋਕਿ ਪਾਠੀ ਸੀ ਅਤੇ ਜਰਮਨੀ ਅਤੇ ਇਟਲੀ ਹੋਕੇ 7 ਮਾਰਚ ਨੂੰ ਭਾਰਤ ਆਇਆ ਸੀ। ਇਸਤੋਂ ਬਾਦ ਉਹ ਇਤਿਹਸਕ ਹੋਲੇ ਮੁਹੱਲੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਰਿਹਾ ਸੀ ਅਤੇ ਪੰਜਾਬ ਵਿੱਚ ਹੋਰ ਕਈ ਥਾਵਾਂ ਤੇ ਗਿਆ ਸੀ। ਇਹ ਵੀ ਦੱਸਣਯੋਗ ਹੈ ਕਿ ਪੰਜਾਬ ਵਿੱਚ ਹੁਣ ਤੱਕ ਪਾਜਟਿਵ ਪਾਏ ਗਏ 38 ਵਿਅਕਤੀਆਂ ਵਿਚੋਂ ਬਹੁਤੇ ਇਸਦੇ ਸੰਪਰਕ ਵਿੱਚ ਹੀ ਆਏ ਸਨ ਅਤੇ ਜੇਕਰ ਸਰਕਾਰ ਸਮੇਂ ਸਿਰ ਸਹੀ ਕਦਮ ਚੁੱਕਦੀ ਤਾਂ ਕਾਫੀ ਬਚਾਓ ਹੋ ਸਕਦਾ ਸੀ। ਸਰਕਾਰ ਵਲੋਂ ਇਸ ਵਾਇਰਸ ਦੇ ਬਚਾਓ ਅਤੇ ਇਸਦੇ ਇਲਾਜ ਸਬੰਧੀ ਕਿਸੇ ਵੀ ਤਰਾਂ ਦੀ ਗੱਲਤਫਹਿਮੀ ਵਾਲੀ ਜਾਣਕਾਰੀ ਅਤੇ ਅੰਧਵਿਸ਼ਵਾਸ਼ ਫੈਲਾਉÎਣ ਵਾਲਿਆਂ ਖਿਲਾਫ ਕਨੂੰਨੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਪਰ ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਕੁੱਝ ਸਮਾਜਿਕ ਅਤੇ ਧਾਰਮਿਕ ਆਗੂਆਂ ਵਲੋਂ ਜਾਰੀ ਅਜਿਹੇ ਮੈਸੇਜ ਜਿਨ੍ਹਾਂ ਵਿੱਚ ਗਾਂ ਦੇ ਮੂਤਰ ਅਤੇ ਗੋਹੇ ਸਮੇਤ ਕੁੱਝ ਵਿਸੇਸ ਵਸਤਾਂ ਖਾਣ ਨਾਲ ਇਸ ਵਾਇਰਸ ਦੇ ਇਲਾਜ ਬਾਰੇ ਕਿਹਾ ਗਿਆ ਹੈ ਆਦਿ ਲੋਕਾਂ ਨੂੰ ਭੰਬਲਭੂਸੇ ਵਿੱਚ ਪਾ ਰਹੇ ਹਨ। ਸਰਕਾਰ ਵਲੋਂ ਅਜਿਹੇ ਵਿਅਕਤੀਆਂ ਖਿਲਾਫ ਕੋਈ ਠੋਸ ਕਾਰਵਾਈ ਨਾਂ ਕਰਨਾਂ ਵੀ ਸਰਕਾਰ ਦੀ ਕਥਨੀ ਅਤੇ ਕਰਨੀ ਦੀ ਪੋਲ ਖੋਲਦੀ ਹੈ। ਇਸ ਕੋਰੋਨਾ ਵਾÎਇਰਸ ਦੇ ਨਾਮ ਤੇ ਕੁੱਝ ਲੋਕ ਅਪਣੀਆਂ ਨਿੱਝੀ ਦੁਸਮਣੀਆਂ ਵੀ ਕੱਢਣ ਲੱਗ ਪਏ ਹਨ, ਪੰਜਾਬ ਦੇ ਇੱਕ ਸਹਿਰ ਵਿੱਚ ਨਿੱਜੀ ਪ੍ਰੈਕਟਿਸ ਕਰਨ ਵਾਲੇ ਇੱਕ ਡਾਕਟਰ ਜੋਕਿ ਹਰ ਸਾਲ ਦੀ ਤਰ੍ਹਾਂ ਹੀ ਵਿਦੇਸ ਤੋਂ ਪਰਿਵਾਰ ਸਮੇਤ ਵਾਪਸ ਆਇਆ ਹੈ ਨੂੰ ਕੁੱਝ ਵਿਅਕਤੀਆਂ ਵਲੋਂ ਕੋਰੋਨਾ ਵਾਇਰਸ ਦਾ ਮਰੀਜ ਕਹਿਕੇ ਪ੍ਰੇਸਾਨ ਕੀਤਾ ਗਿਆ ਹੈ ਅਤੇ ਕਈ ਮਰੀਜਾਂ ਨੂੰ ਇਸ ਡਾਕਟਰ ਕੋਲ ਜਾਣ ਤੋਂ ਵੀ ਰੋਕਿਆ ਗਿਆ। ਇਸੇ ਤਰਾਂ ਹੀ ਹਿਮਾਚਲ ਪ੍ਰਦੇਸ ਵਿੱਚ ਇੱਕ ਵਿਅੱਕਤੀ ਜੋਕਿ ਓਮਾਨ ਤੋਂ ਵਾਪਸ ਆਇਆ ਹੈ ਦੇ ਪਰਿਵਾਰ ਨੂੰ ਸਮਾਜਿਕ ਬਾਈਕਾਟ ਵਰਗੀ ਮੁਸਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਸਮਾਜਿਕ ਤਿ੍ਰਸਕਾਰ ਦੀਆਂ ਘਟਨਾਵਾਂ ਕਈ ਥਾਵਾਂ ਤੇ ਵਾਪਰ ਰਹੀਆਂ ਹਨ ਜੋਕਿ ਇੱਕ ਖਤਰਨਾਕ ਸੰਕੇਤ ਹੈ। ਦੇਸ ਵਿੱਚ ਉਪਲੱਭਦ ਨਿਗੂਣੀਆਂ ਸਿਹਤ ਸਹੂਲਤਾਂ ਨੂੰ ਵੇਖਦੇ ਹੋਏ ਸਰਕਾਰ ਨੂੰ ਇਸ ਕੋਰੋਨਾ ਵਾਇਰਸ ਤੋਂ ਦੇਸ ਵਾਸੀਆਂ ਨੂੰ ਬਚਾਓਣ ਲਈ ਠੋਸ ਪ੍ਰਬੰਧ ਕਰਨੇ ਚਾਹੀਦੇ ਹਨ ਅਤੇ ਸਰਕਾਰ ਦੇ ਹੁਕਮਾਂ ਨੂੰ ਲਾਗੂ ਨਾਂ ਕਰਨ ਵਾਲੇ ਅਧਿਕਾਰੀਆਂ ਅਤੇ ਇਨ੍ਹਾਂ ਦੀ ਉਲਘੰਣਾਂ ਕਰਨ ਵਾਲੇ ਵਿਅਕਤੀਆਂ ਵਿਰੁੱਧ ਠੋਸ ਕਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਨਹੀਂ ਤਾਂ ਆਣ ਵਾਲਾ ਸਮਾਂ ਬਹੁਤ ਹੀ ਭਿਆਨਕ ਸਾਬਤ ਹੋਵੇਗਾ।
ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ
ਜਿਲ੍ਹਾ ਰੂਪਨਗਰ ਪੰਜਾਬ
9417563054
.jpg)








.jpg)
.jpeg)

.jpeg)

.jpeg)
