ਜਲੰਧਰ ਕੋਰੋਨਾ ਵਾਇਰਸ ਖਿਲਾਫ਼ ਜੰਗ ’ਚ ਮੁੜ ਉਭਰਿਆ , ਕੰਟੇਨਮੈਂਟ ਜੋਨ ਘਟ ਕੇ ਤਿੰਨ ਕਲੱਸਟਰ ਬਣੇ

ਜਲੰਧਰ ਕੋਰੋਨਾ ਵਾਇਰਸ ਖਿਲਾਫ਼ ਜੰਗ ’ਚ ਮੁੜ ਉਭਰਿਆ , ਕੰਟੇਨਮੈਂਟ ਜੋਨ ਘਟ ਕੇ ਤਿੰਨ ਕਲੱਸਟਰ ਬਣੇ

ਜਲੰਧਰ 28 ਮਈ (ਇੰਦਰਜੀਤ ਚੰਦੜ੍ਹ) - ਸਿਵਲ ਹਸਪਤਾਲ ਵਿੱਚ ਕੁਲ ਕੋਰੋਨਾ ਮਰੀਜ਼ਾਂ ਦੀ ਗਿਣਤੀ ਘੱਟ ਕੇ 16 ਰਹਿ ਗਈ ਹੈ ਅਤੇ ਜਲੰਧਰ ਜ਼ਿਲ੍ਹਾ ਹੁਣ ਕੋਵਿਡ-19 ਖਿਲਾਫ਼ ਜੰਗ ਜਿੱਤਣ ਦੇ ਰਾਹ ’ਤੇ ਹੈ ਕਿਉਂਕਿ ਜ਼ਿਲ੍ਹੇ ਦੇ ਸਾਰੇ ਕੰਟੈਨਮੈਂਟ ਜ਼ੋਨ ਜੋ ਕ 50 ਤੋਂ ਵੱਧ ਹੋ ਗਏ ਸਨ ,ਜ਼ਿਲ੍ਹਾ ਪ੍ਰਸ਼ਾਸਨ ਦੇ ਸੰਜੀਦਾ ਯਤਨਾਂ ਸਦਕਾ ਹੁਣ ਘੱਟ ਕੇ ਤਿੰਨ ਰਹਿ ਗਏ ਹਨ।
                             ਕੋਵਿਡ-19 ਪ੍ਰੋਟੋਕਾਲ ਦੇ ਅਨੁਸਾਰ ਇਕ ਖੇਤਰ ਨੂੰ ਕੰਟੇਨਮੈਂਟ ਜੋਨ ਉਦੋਂ ਐਲਾਨਿਆਂ ਜਾਂਦਾ ਹੈ ਜਦੋਂ ਉਥੇ ਮਹਾਂਮਾਰੀ ਫੈਲਦੀ ਹੈ। ਜਦੋਂ ਜ਼ਿਲ੍ਹੇ ਵਿੱਚ ਕੋਵਿਡ-19 ਦੇ ਕੇਸ ਸਭ ਤੋਂ ਜ਼ਿਆਦਾ ਸਾਹਮਣੇ ਆ ਰਹੇ ਸਨ ਤਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹਿਰ ਵਿੱਚ 50 ਤੋਂ ਵੱਧ ਖੇਤਰਾਂ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਸੀ। ਇਸੇ ਤਰ੍ਹਾਂ ਜਦੋਂ ਘੱਟੋ ਘਟ ਦੋ ਕੇਸ ਜਾਂ ਵੱਧ ਤੋਂ ਵੱਧ 14 ਕੇਸ ਦਰਜ ਹੋਣ ਤਾਂ ਉਸ ਖੇਤਰ ਨੂੰ ਕਲੱਸਟਰ ਜ਼ੋਨ ਵਜੋਂ ਦਰਜ ਕੀਤਾ ਜਾਂਦਾ ਹੈ। ਹੁਣ ਜਦੋਂ ਸਿਵਲ ਹਸਪਤਾਲ ਵਿੱਚ ਕੇਵਲ 16 ਕੇਸ ਐਕਟਿਵ ਰਹਿ ਗਏ ਹਨ ਤਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹਿਰ ਦੇ ਤਿੰਨ ਖੇਤਰਾਂ ਨੂੰ ਜਿਸ ਵਿੱਚ ਇੰਡਸਟਰੀਅਲ ਏਰੀਆ ( ਮਕਾਨ ਨੰ : 218 ਤੋਂ ਲੱਕੀ ਜਨਰਲ ਸਟੋਰ), ਲਾਜਪਤ ਨਗਰ (ਮਕਾਨ ਨੰਬਰ 150 ਸਾਹਮਣੇ ਰੈਡ ਕਰਾਸ ਭਵਨ ਤੋਂ ਮਕਾਨ ਨੰ : 127 ਨਕੋਦਰ ਰੋਡ) ਅਤੇ ਜਵਾਹਰ ਨਗਰ (ਗਲੀ ਨੰ : 2 ਦੇ ਨਾਲ ਲਗਦਾ ਹੈਡਕੁਆਰਟਰ ਮਕਾਨ ਨੰ : 315 ਤੋਂ ਦਾਸ ਆਈ ਹਸਪਤਾਲ) ਨੂੰ ਕਲੱਸਟਰ ਜੋਨ ਬਣਾਇਆ ਗਿਆ ਹੈ।
                             ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਨ੍ਹਾਂ ਕਲੱਸਟਰ ਜ਼ੋਨਾਂ ਵਿੱਚ ਪੂਰੀ ਸਖ਼ਤੀ ਵਰਤੀ ਜਾ ਰਹੀ ਹੈ। ਇਨ੍ਹਾਂ ਖੇਤਰਾਂ ਵਿੱਚ ਇਲਾਕਿਆਂ ਨੂੰ ਘੱਟ ਕਰਨਾ ਜਲੰਧਰ ਵਾਸੀਆਂ ਲਈ ਬਹੁਤ ਵੱਡੀ ਰਾਹਤ ਵਾਲੀ ਗੱਲ ਹੈ ਕਿਉਂਕਿ ਇਸ ਤੋਂ ਪਹਿਲਾਂ ਸ਼ਹਿਰ ਦਾ ਵੱਡਾ ਹਿੱਸਾ ਇਨ੍ਹਾਂ ਜ਼ੋਨਾਂ ਵਿੱਚ ਆਉਂਦਾ ਸੀ। ਜ਼ਿਲ੍ਹਾ ਪ੍ਰਸ਼ਾਸਨ ਇਨਾਂ ਖੇਤਰਾਂ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਕਾਬੂ ਕਰਨ ਵਿੱਚ ਕਾਮਯਾਬ ਰਿਹਾ ਹੈ ।
                             ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਨਰ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਲਈ ਇਹ ਵੱਡੀ ਰਾਹਤ ਵਾਲੀ ਗੱਲ ਹੈ ਕਿ ਸਿਵਲ ਹਸਪਤਾਲ ਵਿਚੋਂ ਹੁਣ ਤੱਕ 206 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ ਅਤੇ ਹੁਣ 16 ਮਰੀਜ਼ ਹੀ ਸਿਵਲ ਹਸਪਤਾਲ ਵਿਖੇ ਦਾਖਲ ਹਨ ਜਿਨਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 7399 ਲੋਕਾਂ ਦੇ ਗਲੇ ਰਾਹੀਂ ਟੈਸਟ ਲਏ ਗਏ ਹਨ ਜਿਨਾਂ ਵਿਚੋਂ 239 ਲੋਕ ਕੋਰੋਨਾ ਪਾਜੀਟਿਵ ਪਾਏ ਗਏ ਸਨ ਅਤੇ 6679 ਨਮੂਨੇ ਨੈਗੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ 295 ਮਰੀਜ਼ਾਂ ਦੀ ਰਿਪੋਰਟ ਆਉਣੀ ਬਾਕੀ ਹੈ ਪਰ ਸਿਵਲ ਹਸਪਤਾਲ ਤੋਂ ਹੁਣ ਤੱਕ 206 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਪਾਜੀਟਿਵ ਮਰੀਜ਼ਾਂ ਦਾ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ ਅਤੇ ਇਨ੍ਹਾਂ ਵਿਚੋਂ ਕਿਸੇ ਦੀ ਵੀ ਹਾਲਤ ਗੰਭੀਰ ਨਹੀਂ ਹੈ।
                             ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਖਿਲਾਫ਼ ਜੰਗ ਨੂੰ ਹਰ ਹਾਲ ਵਿੱਚ ਜਿੱਤਿਆ ਜਾਵੇਗਾ ਅਤੇ ਇਸ ਨੇਕ ਕਾਜ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

super visa