ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.ਵਲੋਂ ਫਿਲੌਰ ਵਿਖੇ ਅਮਨ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ

ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.ਵਲੋਂ ਫਿਲੌਰ ਵਿਖੇ ਅਮਨ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ

ਜਲੰਧਰ, 14 ਮਈ (ਸੰਦੀਪ) – ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਐਸ.ਐਸ.ਪੀ.ਜਲੰਧਰ (ਦਿਹਾਤੀ) ਸ੍ਰੀ ਨਵਜੋਤ ਸਿੰਘ ਮਾਹਲ ਵਲੋਂ ਅੱਜ ਕਰਫ਼ਿਊ ਦੌਰਾਨ ਗੁਰਾਇਆਂ ਅਤੇ ਫਿਲੌਰ ਵਿਖੇ ਅਮਨ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ।
                        ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.ਨੇ ਕਿਹਾ ਕਿ ਜ਼ਿਲ੍ਹੇ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਰਫ਼ਿਊ ਦੌਰਾਨ ਜਿੱਥੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਿਆ ਜਾਵੇ ਉਥੇ ਨਾਲ ਹੀ ਕੋਵਿਡ-19 ਮਹਾਂਮਾਰੀ ਤੋਂ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾਵੇ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵਲੋਂ ਕਰਫ਼ਿਊ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਦੋਵਾਂ ਅਧਿਕਾਰੀਆਂ ਵਲੋਂ ਗੁਰਾਇਆਂ ਅਤੇ ਫਿਲੌਰ ਦੇ ਬਜ਼ਾਰਾਂ ਦਾ ਜਾਇਜ਼ਾ ਲੈਣ ਤੋਂ ਇਲਾਵਾ ਅਧਿਕਾਰੀਆਂ ਨਾਲ ਅਮਨ ਕਾਨੂੰਨ ਦੀ ਸਥਿਤੀ ਸਬੰਧੀ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਗਈ।
                        ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.ਵਲੋਂ  ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਗੁਰਾਇਆਂ ਵਿਖੇ ਦੂਸਰੇ ਦੇਸ਼ਾਂ ਤੋਂ ਆਉਣ ਵਾਲੇ ਐਨ.ਆਰ.ਆਈਜ਼ ਨੂੰ ਕੁਆਰੰਟੀਨ ਕਰਨ ਲਈ ਬਣਾਏ ਗਏ ਸੰਸਥਾਗਤ ਕੁਆਰੰਟੀਨ ਸੈਂਟਰ ਦਾ ਵੀ ਦੌਰਾ ਕੀਤਾ ਗਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਐਨ.ਆਰ.ਆਈਜ਼ ਲਈ ਖਾਣੇ, ਰਹਿਣ-ਸਹਿਣ ਅਤੇ ਸਿਹਤ ਦੀ ਦੇਖਭਾਲ ਲਈ ਸੁਚਾਰੂ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਉਹ ਰੋਜ਼ਾਨਾ ਕੀਤੇ ਜਾ ਰਹੇ ਪ੍ਰਬੰਧਾਂ ਦੀ ਖੁਦ ਨਿਗਰਾਨੀ ਕਰਨਗੇ।
                        ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.ਵਲੋਂ ਇਸ ਮੌਕੇ ਕਰਫ਼ਿਊ/ਲਾਕਡਾਊਨ ਦੌਰਾਨ ਡਿਊਟੀ ’ਤੇ ਤਾਇਨਾਤ ਪੁਲਿਸ ਕਰਮੀਆਂ ਅਤੇ ਦੂਜੇ ਅਮਲੇ ਪਿੱਠ ਥੱਪ ਥਪਾਉਂਦਿਆਂ ਕਿਹਾ ਕਿ ਇਸ ਔਖੀ ਘੜੀ ਵਿੱਚ ਮੋਹਰਲੀਆਂ ਕਤਾਰਾਂ ਵਿੱਚ ਤਾਇਨਾਤ ਅਮਲਾ ਭਾਵੇਂ ਉਹ ਕਿਸੇ ਵੀ ਵਿਭਾਗ ਨਾਲ ਸਬੰਧਿਤ ਹੋਵੇ ਉਹ ਅਸਲੀ ਕੋਰੋਨਾ ਯੋਧੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਰੋਨਾ ਯੋਧਿਆਂ ਵਲੋਂ ਪਾਏ ਗਏ ਵੱਡਮੁੱਲੇ ਯੋਗਦਾਨ ਨੂੰ ਹਮੇਸ਼ਾਂ ਲਈ ਸਾਡੇ ਸਾਰਿਆਂ ਵਲੋਂ ਯਾਦ ਰੱਖਿਆ ਜਾਵੇਗਾ।

super visa