ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਦੀ ਮੌਜੂਦਗੀ 'ਚ 1200 ਪ੍ਰਵਾਸੀ ਮਜ਼ਦੂਰਾਂ ਵਾਲੀ ਪਹਿਲੀ ਸ਼ਰਮਿਕ ਰੇਲ ਗੱਡੀ ਜਲੰਧਰ ਤੋਂ ਰਵਾਨਾ
ਜਲੰਧਰ, 6 ਮਈ (ਸੰਦੀਪ) – ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਮੁਫ਼ਤ ਘਰ ਜਾਣ ਦੀ ਸਹੂਲਤ ਪ੍ਰਦਾਨ ਕਰਦਿਆਂ ਜਲੰਧਰ ਸ਼ਹਿਰ ਵਿੱਚ ਫਸੇ 1200 ਪ੍ਰਵਾਸੀ ਮਜ਼ਦੂਰਾਂ ਨੂੰ ਪਹਿਲੀ ਸ਼ਰਮਿਕ ਐਕਸਪ੍ਰੈਸ ਰੇਲ ਗੱਡੀ ਰਾਹੀਂ ਜਲੰਧਰ ਤੋਂ ਡਾਲਟਗੰਜ, ਝਾਰਖੰਡ ਲਈ ਰਵਾਨਾ ਕੀਤਾ ਗਿਆ ਜਿਸ 'ਤੇ ਆਉਣ ਵਾਲਾ 7.12 ਲੱਖ ਰੁਪਏ ਦਾ ਖ਼ਰਚਾ ਪੰਜਾਬ ਸਰਕਾਰ ਵਲੋਂ ਸਹਿਣ ਕੀਤਾ ਜਾਵੇਗਾ।
ਇਹ ਰੇਲ ਗੱਡੀ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਦੀ ਦੇਖ ਰੇਖ ਵਿੱਚ ਰਵਾਨਾ ਹੋਈ। ਦੋਵਾਂ ਅਧਿਕਾਰੀਆਂ ਨੇ ਦੱਸਿਆ ਕਿ ਇਹ ਰੇਲ ਗੱਡੀ ਝਾਰਖੰਡ ਦੇ 1200 ਪ੍ਰਵਾਸੀ ਮਜ਼ਦੂਰਾਂ ਨੂੰ ਵੱਡੀ ਰਾਹਤ ਪ੍ਰਦਾਨ ਕਰੇਗੀ ਜੋ ਸ਼ਹਿਰ ਵਿੱਚ ਫਸੇ ਹੋਏ ਸਨ।
ਇਨਾਂ ਪ੍ਰਵਾਸੀ ਮਜ਼ਦੂਰਾਂ ਜਿਨਾਂ ਨੇ ਪੰਜਾਬ ਸਰਕਾਰ ਦੇ ਪੋਰਟਲ 'ਤੇ ਅਪਣੇ ਆਪ ਨੂੰ ਦਰਜ ਕਰਵਾਇਆ ਸੀ ਨੂੰ ਐਸ.ਐਮ.ਐਸ. ਅਤੇ ਫੋਨ ਕਰਕੇ ਰੇਲ ਗੱਡੀ ਚੱਲਣ ਬਾਰੇ ਜਾਣਕਾਰੀ ਦਿੱਤੀ ਗਈ। ਉਨਾਂ ਦੱਸਿਆ ਕਿ 600 ਪ੍ਰਵਾਸੀ ਮਜ਼ਦੂਰ ਪਠਾਨਕੋਟ ਚੌਕ ਨੇੜੇ ਬੱਲੇ-ਬੱਲੇ ਫਾਰਮ , 300 ਖਾਲਸਾ ਸਕੂਲ ਨਕੋਦਰਰੋਡ ਅਤੇ 300 ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਹਿਰੂ ਗਾਰਡਨ ਰੋਡ ਤੋਂ ਲਿਆਂਦਾ ਗਿਆ ਸੀ। ਮੈਡੀਕਲ ਸਕਰੀਨਿੰਗ ਤੋਂ ਬਾਅਦ ਇਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਸਰਕਾਰ ਦੁਆਰਾ ਮੁਹੱਈਆ ਕਰਵਾਈਆਂ ਗਈਆਂ 20 ਬੱਸਾਂ ਰਾਹੀਂ ਰੇਲਵੇ ਸਟੇਸ਼ਨ ਲਿਆਂਦਾ ਗਿਆ।
ਮੈਡੀਕਲ ਸਕਰੀਨਿੰਗ ਤੋਂ ਲੈ ਕੇ ਰੇਲ ਗੱਡੀ ਵਿੱਚ ਚੜਾਉਣ ਤੱਕ ਪ੍ਰਵਾਸੀ ਮਜ਼ਦੂਰਾਂ ਵਿੱਚ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਪ੍ਰਵਾਸੀ ਮਜ਼ਦੂਰਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਇਕ ਉਚ ਪੱਧਰੀ ਟੀਮ ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਵਧੀਕ ਕਮਿਸ਼ਨਰ ਨਗਰ ਨਿਗਮ ਬਬੀਤਾ ਕਲੇਰ, ਡਿਪਟੀ ਕਮਿਸ਼ਨਰ ਪੁਲਿਸ ਗੁਰਮੀਤ ਸਿੰਘ ਅਤੇ ਬਲਕਾਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਡੀ.ਸੁਧਰਵਿਜ਼ੀ ਅਤੇ ਪੀ.ਐਸ.ਭੰਡਾਰ, ਐਸ.ਪੀ. ਆਰ.ਪੀ.ਐਸ.ਸੰਧੂ, ਉਪ ਮੰਡਲ ਮੈਜਿਸਟਰੇਟ ਰਾਹੁਲ ਸਿੰਧੂ ਅਤੇ ਡਾ.ਜੈ ਇੰਦਰ ਸਿੰਘ, ਸਕੱਤਰ ਆਰ.ਟੀ.ਏ. ਬਰਜਿੰਦਰ ਸਿੰਘ ਅਤੇ ਹੋਰ ਸ਼ਾਮਿਲ ਸਨ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ।
ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਅਜਿਹੀਆਂ ਰੇਲ ਗੱਡੀਆਂ ਲਖਨਊ, ਵਾਰਾਣੱਸੀ, ਆਯੋਧਿਆ, ਗੋਰਖਪੁਰ, ਪਰਿਆਗ ਰਾਜ(ਅਲਾਹਾਬਾਦ), ਸੁਲਤਾਨਪੁਰ, ਕਟਨੀ(ਮੱਧ ਪ੍ਰਦੇਸ਼), ਝਾਰਖੰਡ ਅਤੇ ਹੋਰਨਾਂ ਸੂਬਿਆਂ ਲਈ ਚਲਾਈਆਂ ਜਾਣਗੀਆਂ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਜਲੰਧਰ ਤੋਂ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਿਸ ਭੇਜਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਇਸ ਨੇਕ ਕਾਜ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨਾਂ ਕਿਹਾ ਕਿ ਜਿਨਾਂ ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ਆਪ ਨੂੰ ਪੰਜਾਬ ਸਰਕਾਰ ਦੇ ਪੋਰਟਲ 'ਤੇ ਰਜਿਸਟਰਡ ਕਰਵਾਇਆ ਹੈ ਉਨਾ ਨੂੰ ਮੁਹਿੰਮ ਤਹਿਤ ਵਾਪਿਸ ਜਾਣ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
.jpg)



.jpg)




.jpg)
.jpeg)

.jpeg)

.jpeg)
