ਭਾਰਤੀ ਸੰਵਿਧਾਨ ਦੇ ਨਿਰਮਾਤਾ ਵਲੋਂ ਦਿਖਾਏ ਮਾਰਗ ’ਤੇ ਚਲਦਿਆਂ ਕੋਰੋਨਾ ਵਾਇਰਸ ਖਿਲਾਫ਼ ਜੰਗ ਨੂੰ ਜਿਤਿਆ ਜਾ ਸਕਦਾ

ਭਾਰਤੀ ਸੰਵਿਧਾਨ ਦੇ ਨਿਰਮਾਤਾ ਵਲੋਂ ਦਿਖਾਏ ਮਾਰਗ ’ਤੇ ਚਲਦਿਆਂ ਕੋਰੋਨਾ ਵਾਇਰਸ ਖਿਲਾਫ਼ ਜੰਗ ਨੂੰ ਜਿਤਿਆ ਜਾ ਸਕਦਾ

ਜਲੰਧਰ 15 ਅਪ੍ਰੈਲ (ਨਿਊਜ85ਪੰਜਾਬ) - ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ , ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸ.ਐਸ.ਪੀ.ਸ੍ਰੀ ਨਵਜੋਤ ਸਿੰਘ ਮਾਹਲ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਕੋਰੋਨਾ ਵਾਇਰਸ ਖਿਲਾਫ਼ ਜਿੱਤ ਪ੍ਰਾਪਤ ਕਰਨ ਲਈ ਇਸ ਤਰ੍ਹਾਂ ਲੜਿਆ ਜਾਵੇ ਜਿਵੇਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਬੀ.ਆਰ.ਅੰਬੇਦਕਰ ਸਮਾਜਿਕ ਬੁਰਾਈਆਂ ਖਿਲਾਫ਼ ਲੜੇ ਸਨ। ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐਸ.ਐਸ.ਪੀ. ਵਲੋਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਬੀ.ਆਰ.ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਨੇ ਸਾਨੂੰ ਸਭ ਨੂੰ ਰਾਹ ਦਿਖਾਇਆ ਹੈ ਕਿ ਅਸੀਂ ਅਪਣੀ ਮਜ਼ਬੂਤ ਇੱਛਾ ਸ਼ਕਤੀ ਅਤੇ ਸਮਰਪਨ ਦੀ ਭਾਵਨਾ ਨਾਲ  ਜਿੰਦਗੀ ਵਿੱਚ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦਾ ਜੀਵਨ ਅਤੇ ਫਲਸਫ਼ਾ ਸਾਡੇ ਸਭ ਲਈ ਪ੍ਰੇਰਣਾ ਦਾਇਕ ਹੈ ਅਤੇ ਅਸੀਂ ਆਪਣੇ ਨਿਸ਼ਾਨੇ ਨੂੰ ਭਾਵੇਂ ਉਹ ਕਿੰਨਾਂ ਹੀ ਮੁਸ਼ਕਿਲ ਕਿਉਂ ਨਾ ਹੋਵੇ ਅਨੁਸ਼ਾਸਨ ਅਤੇ ਦ੍ਰਿੜ ਸੰਕਲਪ ਨਾਲ ਹਾਸਿਲ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਸ ਸਮੇਂ ਕੋਰੋਨਾ ਵਾਇਰਸ ਕਰਕੇ ਸਾਡੇ ਸਾਹਮਣੇ ਵੱਡੀ ਚੁਣੌਤੀ ਪੈਦਾ ਹੋਈ ਹੈ ਪਰ ਡਾ.ਸਾਹਿਬ ਵਲੋਂ ਦਿਖਾਇਆ ਮਾਰਗ ਸਾਨੂੰ ਇਸ ਵਿਚੋਂ ਬਾਹਰ ਨਿਕਲਣ ਵਿੱਚ ਮਦਦਗਾਰ ਸਾਹਿਬ ਹੋਵੇਗਾ।
                             ਭਾਰਤ ਰਤਨ ਡਾ.ਬੀ.ਆਰ.ਅੰਬੇਦਕਰ ਨੂੰ ਮਹਾਨ ਵਿਦਵਾਨ, ਨਿਆਂ ਪਾਸੰਦ, ਅਰਥ ਸ਼ਾਸਤਰੀ ਅਤੇ ਸਮਾਜ ਸੁਧਾਰਕ ਤੇ ਆਦਰਸ਼ਵਾਦੀ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐਸ.ਐਸ.ਪੀ.ਨੇ ਕਿਹਾ ਕਿ ਉਹ ਆਪਣੇ ਦੂਰ ਅੰਦੇਸ਼ੀ ਸੋਚ ਅਤੇ ਮਾਨਵਤਾ ਦੀ ਭਲਾਈ ਵਾਲੀ ਸੋਚ ਸਦਕਾ ਪੂਰੇ ਵਿਸ਼ਵ ਵਿੱਚ ਸਤਿਕਾਰੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਇਸ ਮਹਾਂ ਨਾਇਕ ਦਾ ਜੀਵਨ ਅਤੇ ਫਲਸਫ਼ਾ ਸਾਨੂੰ ਸਭ ਨੂੰ ਦੇਸ਼ ਅਤੇ ਇਸ ਦੇ ਲੋਕਾਂ ਦੀ ਨਿਸ਼ਕਾਮ ਸੇਵਾ ਲਈ ਪ੍ਰੇਰਦਾ ਰਹੇਗਾ। ਉਨ੍ਹਾਂ ਕਿਹਾ ਕਿ ਡਾ.ਅੰਬੇਦਕਰ ਪੂਰੇ ਵਿਸ਼ਵ ਵਿੱਚ ਮਹਾਨ ਸ਼ਖਸੀਅਤ ਸਨ ਅਤੇ ਸਾਨੂੰ ਸਭ ਨੂੰ ਜਾਤ ਪਾਤ ਰਹਿਤ ਅਤੇ ਭਰਾਤਰੀ ਪਿਆਰ ਵਾਲਾ ਸਮਾਜ ਸਿਰਜਣ ਲਈ ਉਨ੍ਹਾਂ ਵਲੋਂ ਦਿਖਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ।
                             ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐਸ.ਐਸ.ਪੀ.ਨੇ ਕਿਹਾ ਕਿ ਕਮਜ਼ੋਰ ਵਰਗਾਂ ਦਾ ਇਹ ਮਹਾਨ ਮਸੀਹਾ ਵਿਸ਼ਵ ਦੀਆਂ ਮਹਾਨ ਸਖ਼ਸੀਅਤਾਂ ਵਿੱਚੋਂ ਸਭ ਤੋਂ ਵੱਧ ਹਰਮਨਪਿਆਰੀ ਸ਼ਖਸੀਅਤ ਸਨ।, ਜਿਨਾਂ ਦੀ ਨਿੱਜੀ ਲਾਇਬ੍ਰੇਰੀ ਵਿੱਚ 50000 ਤੋਂ ਵੱਧ ਕਿਤਾਬਾਂ ਮੌਜੂਦ ਸਨ। ਉਨ੍ਹਾਂ ਕਿਹਾ ਕਿ ਭਾਵੇਂ ਡਾ. ਅੰਬੇਦਕਰ ਇਕ ਸਧਾਰਣ ਪਰਿਵਾਰ ਨਾਲ ਸਬੰਧਿਤ ਸਨ ਪਰ ਉਨ੍ਹਾਂ ਦੇ ਲਾਮਿਸਾਲ ਯੋਗਦਾਨ ਨੇ ਉਨ੍ਹਾਂ ਨੂੰ ਦੁਨੀਆਂ ਦੇ ਚੋਟੀ ਦੇ ਆਗੂਆਂ ਦੀ ਮੋਹਰਲੀ ਕਤਾਰ ਵਿੱਚ ਖੜ੍ਹਾ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਡਾ.ਸਾਹਿਬ ਦੀ ਸਖ਼ਤ ਮਿਹਨਤ, ਲਗਨ ਅਤੇ ਦੂਰ ਅੰਦੇਸ਼ੀ ਸੋਚ ਦਾ ਸਿੱਟਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਜਾਤ ਪਾਤ ਰਹਿਤ ਅਤੇ ਸਭ ਲਈ ਬਰਾਬਰ ਨਿਆਂ ਵਾਲਾ ਸਮਾਜ ਸਿਰਜਣ ਲਈ ਯਤਨ ਕਰਨੇ ਚਾਹੀਦੇ ਹਨ,ਇਹੀ ਬਾਬਾ ਸਾਹਿਬ ਨੂੰ ਸੱਚੀ ਸਰਧਾਂਜ਼ਲੀ ਹੋਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਵੀ ਹਾਜ਼ਰ ਸਨ।         

super visa