ਮੰਡੀਆਂ 'ਚ ਕਣਕ ਦੀ ਸੁਚਾਰੂ ਤੇ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਬਹੁ ਪਰਤੀ ਸੁਰੱਖਿਆ ਦੇ ਪ੍ਰਬੰਧ

ਮੰਡੀਆਂ 'ਚ ਕਣਕ ਦੀ ਸੁਚਾਰੂ ਤੇ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਬਹੁ ਪਰਤੀ ਸੁਰੱਖਿਆ ਦੇ ਪ੍ਰਬੰਧ

ਜਲੰਧਰ, 17 ਅਪ੍ਰੈਲ (ਸੰਦੀਪ) - ਜ਼ਿਲੇ ਦੀਆਂ ਸਾਰੀਆਂ 156 ਮੰਡੀਆਂ ਵਿੱਚ ਕਣਕ ਦੀ ਸੁਚਾਰੂ ਤੇ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਬਹੁ-ਪਰਤੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਤੇ ਐਸ.ਐਸ.ਪੀ.ਸ੍ਰੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮੰਡੀਆਂ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਲੋੜੀਂਦੇ ਪੁਲਿਸ ਬਲਾਂ ਨੂੰ ਮੰਡੀਆਂ ਵਿੱਚ ਤਾਇਨਾਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਪੁਲਿਸ ਕਰਮੀਆਂ ਵਲੋਂ ਮੰਡੀਆਂ ਵਿੱਚ ਵਾਹਨਾਂ ਦੀ ਅਵਾਜਾਈ ਨੂੰ ਸੁਚਾਰੂ ਬਣਾਇਆ ਜਾਵੇਗਾ ਤਾਂ ਕਿ ਮੰਡੀਆਂ ਵਿੱਚ ਕਿਸੇ ਤਰਾਂ ਦੀ ਭਗਦੜ ਨਾ ਮਚੇ ਤੇ ਭੀੜ ਇਕੱਠੀ ਨਾ ਹੋ ਸਕੇ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਮੰਡੀਆਂ ਦੇ ਦਾਖਲਾ ਗੇਟਾਂ 'ਤੇ ਵੀ ਪੁਲਿਸ ਕਰਮੀਆਂ ਨੂੰ ਤਾਇਨਾਤ ਕੀਤਾ ਜਾਵੇਗਾ ਤਾਂ ਕਿ ਇਹ ਯਕੀਨੀ ਬਣਾਇਆ ਜਾ ਰਹੇ ਕਿ ਯੋਗ ਸਲਿੱਪ ਨਾਲ ਹੀ ਕਿਸਾਨ ਮੰਡੀਆਂ ਵਿੱਚ ਦਾਖ਼ਲ ਹੋ ਸਕਣ।
                ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐਸ.ਐਸ.ਪੀ.ਨੇ ਦੱਸਿਆ ਕਿ ਪੁਲਿਸ ਕਰਮੀਆਂ ਤੋਂ ਇਲਾਵਾ ਗਾਰਡੀਅਨਜ਼ ਆਫ਼ ਗਵਰਨੈਂਸ ਨੂੰ ਵੀ ਮੰਡੀਆਂ ਵਿੱਚ ਕਣਕ ਦੀ ਸੁਚਾਰੂ ਖ਼ਰੀਦ 'ਤੇ ਨਿਗਾ ਰੱਖਣ ਲਈ ਮੰਡੀਆਂ ਵਿੱਚ ਤਾਇਨਾਤ ਕੀਤੇ ਜਾਣਗੇ। ਉਨਾਂ ਕਿਹਾ ਕਿ ਕਣਕ ਦੀ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਵਿੱਚ ਸਹਿਯੋਗ ਕਰਨ ਤੋਂ ਇਲਾਵਾ ਗਾਰਡੀਅਨਜ਼ ਆਫ਼ ਗਵਰਨੈਂਸ ਖ਼ਰੀਦ ਪ੍ਰਕਿਰਿਆ ਵਿੱਚ ਜੇ ਕੋਈ ਕਮੀ ਹੋਵੇਗੀ ਤਾਂ ਜ਼ਿਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣਗੇ। ਉਨਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਮੰਡੀਆਂ ਵਿੱਚ ਕਣਕ ਦੀ ਸੁਚਾਰੂ ਤੇ ਨਿਰਵਿਘਨ ਖ਼ਰੀਦ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਜਾਵੇ।
   ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ ਅਤੇ ਐਸ.ਐਸ.ਪੀ.ਨੇ ਦੱਸਿਆ ਕਿ ਇਸੇ ਤਰਾਂ ਜ਼ਿਲੇ ਦੇ ਖ਼ਰੀਦ ਕੇਂਦਰਾਂ ਵਿਖੇ ਐਨ.ਸੀ.ਸੀ. ਕੈਡਿਟ ਵੀ ਮੰਡੀਆਂ ਵਿੱਚ ਕਣਕ ਦੀ ਸੁਚੱਜੇ ਢੰਗ ਨਾਲ ਖ਼ਰੀਦ ਨੂੰ ਨੇਪਰੇ ਚਾੜਨ ਲਈ ਲਗਾਏ ਜਾਣਗੇ। ਉਨਾਂ ਕਿਹਾ ਕਿ ਇਸੇ ਤਰਾਂ ਯੁਵਕ ਸੇਵਾਵਾਂ ਵਿਭਾਗ ਦੇ ਵਲੰਟੀਅਰ ਵੀ ਮੰਡੀਆਂ ਵਿੱਚ ਲੋੜੀਂਦੀ ਗਿਣਤੀ ਵਿੱਚ ਲਗਾਏ ਜਾਣਗੇ। ਉਨਾਂ ਕਿਹਾ ਕਿ ਇਹ ਸਾਰੀ ਪ੍ਰਕਿਰਿਆ ਜ਼ਿਲੇ ਦੀਆਂ ਮੰਡੀਆਂ ਵਿੱਚ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਦੇ ਹੋਏ ਕਣਕ ਦੀ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਤੇ ਨਿਰਵਿਘਨ ਢੰਗ ਨਾਲ ਨੇਪਰੇ ਚਾੜਨ ਲਈ ਅਪਣਾਇਆ ਜਾ ਰਿਹਾ ਹੈ।

super visa