ਸ਼ਹਿਰੀ ਪੁਲਿਸ ਵਲੋਂ ਇਕ ਦਿਨ ’ਚ 30000 ਮਜ਼ਦੂਰਾਂ ਨੂੰ ਕਰਵਾਈ 6 ਕਰੋੜ ਦੀ ਅਦਾਇਗੀ

ਸ਼ਹਿਰੀ ਪੁਲਿਸ ਵਲੋਂ ਇਕ ਦਿਨ ’ਚ 30000 ਮਜ਼ਦੂਰਾਂ ਨੂੰ ਕਰਵਾਈ 6 ਕਰੋੜ ਦੀ ਅਦਾਇਗੀ

ਜਲੰਧਰ 28 ਮਾਰਚ (ਨਿਊਜ85ਪੰਜਾਬ) - ਜਲੰਧਰ ਸ਼ਹਿਰ ਦੀਆਂ ਵੱਖ-ਵੱਖ 395 ਉਦਯੋਗਿਕ ਫੈਕਟਰੀਆਂ ਵਿੱਚ ਕੰਮ ਕਰਦੇ 30000 ਮਜ਼ਦੂਰਾਂ ਨੂੰ ਸ਼ਹਿਰੀ ਪੁਲਿਸ ਵਲੋਂ 6 ਕਰੋੜ ਰੁਪਏ ਦੀ ਅਦਾਇਗੀ ਕਰਵਾਕੇ ਵੱਡੀ ਰਾਹਤ ਪਹੁੰਚਾਈ ਗਈ ਹੈ। ਲੈਦਰ ਕੰਪਲੈਕਸ, ਸਰਜੀਕਲ ਕੰਪਲੈਕਸ ਅਤੇ ਇੰਡਸਟਰੀਅਲ ਕੰਪਲੈਕਸ ਗਦਈਪੁਰ ਦੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਇਨਾਂ ਮਜ਼ਦੂਰਾਂ ਨੂੰ ਕਰਫ਼ਿਊ ਦੌਰਾਨ ਪੈਸੇ ਦੀ ਘਾਟ ਕਰਕੇ ਆਪਣਾ ਜੀਵਨ ਨਿਰਬਾਹ ਕਰਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪੁਲਿਸ ਕਮਿਸ਼ਨਰ ਦੀ ਉਸਾਰੂ ਪਹਿਲ ਸਦਕਾ ਪੁਲਿਸ ਵਿਭਾਗ ਵਲੋਂ ਇਹ ਮਸਲਾ ਉਦਯੋਗਪਤੀਆਂ ਨਾਲ ਉਠਾਉਂਦਿਆ ਉਨ੍ਹਾਂ ਨੂੰ ਇਨ੍ਹਾਂ ਮਜ਼ਦੂਰਾਂ ਨੂੰ ਬਣਦੀ ਤਨਖ਼ਾਹ ਦੀ ਅਦਾਇਗੀ ਲਈ ਕਿਹਾ ਗਿਆ ਤਾਂ ਕਿ ਮਜ਼ਦੂਰਾਂ ਨੂੰ ਕੋਈ ਮੁਸਕਿਲ ਪੇਸ਼ ਨਾ ਆ ਸਕੇ, ਜਿਸ ਨਾਲ ਉਦਯੋਗਪਤੀਆਂ ਵਲੋਂ ਤੁਰੰਤ ਹਾਮੀ ਭਰਦੇ ਹੋਏ 30000 ਮਜ਼ਦੂਰਾਂ ਨੂੰ 6 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ। ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅਜਿਹੇ ਯਤਨਾਂ ਨੂੰ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰੱਖਿਆ ਜਾਵੇਗਾ ਅਤੇ ਤਾਂ ਜੋ ਲੋੜਵੰਦ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਇਆ ਜਾ ਸਕੇ।
 ਪੁਲਿਸ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਸ਼ਹਿਰੀ ਪੁਲਿਸ ਵਲੋਂ ਸ਼ਹਿਰ ਵਿੱਚ ਲੋੜਵੰਦ ਲੋਕਾਂ ਨੂੰ 18035 ਖਾਣੇ ਦੇ ਪੈਕਟ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀ ਲੋਕਾਂ ਦੀ ਸੇਵਾ ਕਰਨ ਦੀ ਪੁਰਾਤਨ ਰਵਾਇਤ ਨੂੰ ਕਾਇਮ ਰੱਖਦਿਆਂ 3595 ਰਾਸ਼ਨ ਦੇ ਪੈਕਟ ਵੀ ਜਰੂਰਤਮੰਦ ਲੋਕਾਂ ਤੱਕ ਪਹੁੰਚਾਏ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਪੂਰੀ ਲਗਨ ਤੇ ਮਿਸ਼ਨਰੀ ਭਾਵਨਾ ਨਾਲ ਲੋਕਾਂ ਦੀ ਸੇਵਾ ਕਰਨ ਲਈ ਵਚਨਬੱਧ ਹੈ।ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਵਿਭਾਗ ਦੇ ਅਧਿਕਾਰੀਆਂ ਤੇ ਕਰਮੀਆਂ ਵਲੋਂ ਕਰਫ਼ਿਊ ਦੌਰਾਲ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰੱਖਿਆ ਜਾਵੇਗਾ ਅਤੇ ਇਸ ਔਖੀ ਘੜੀ ਵਿੱਚ ਲੋਕਾਂ ਨੂੰ ਹਰ ਰਾਹਤ ਪਹੁੰਚਾਉਣ ਲਈ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸ਼ਹਿਰੀ ਪੁਲਿਸ ਅਮਨ ਕਾਨੂੰਨ ਦੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਅਤੇ ਆਮ ਲੋਕਾਂ ਦੀਆਂ ਜਰੂਰੀ ਲੋੜਾਂ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ ।

super visa