ਸਿਹਤ ਮੰਤਰੀ ਵਲੋਂ ਕੋਰੋਨਾ ਵਾਇਰਸ ਮਹਾਂਮਾਰੀ ਖਿਲਾਫ਼ ਜੰਗ ਜਿੱਤਣ ਲਈ ਟੈਸਟ ਹੋਰ ਤੇਜ਼ੀ ਨਾਲ ਕਰਨ ’ਤੇ ਜ਼ੋਰ

ਸਿਹਤ ਮੰਤਰੀ ਵਲੋਂ ਕੋਰੋਨਾ ਵਾਇਰਸ ਮਹਾਂਮਾਰੀ ਖਿਲਾਫ਼ ਜੰਗ ਜਿੱਤਣ ਲਈ ਟੈਸਟ ਹੋਰ ਤੇਜ਼ੀ ਨਾਲ ਕਰਨ ’ਤੇ ਜ਼ੋਰ

ਜਲੰਧਰ, 6 ਮਈ (ਸੰਦੀਪ) – ਸਿਹਤ ਮੰਤਰੀ ਪੰਜਾਬ ਸ੍ਰ.ਬਲਬੀਰ ਸਿੰਘ ਸਿੱਧੂ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਖਿਲਾਫ਼ ਜੰਗ ਜਿੱਤਣ ਲਈ ਟੈਸਟਾਂ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ।
                             ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਜਲੰਧਰ ਵਿੱਚ ਸਥਿਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਿਹਤ ਮੰਤਰੀ ਜਿਨਾਂ ਦੇ ਨਾਲ ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਰਾਜਿੰਦਰ ਬੇਰੀ, ਚੌਧਰੀ ਸੁਰਿੰਦਰ ਸਿੰਘ ਅਤੇ ਸ੍ਰੀ ਅਵਤਾਰ ਸਿੰਘ ਬਾਵਾ ਹੈਨਰੀ ਵੀ ਮੌਜੂਦ ਸਨ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਉਪਰਾਲੇ ਹੋਰ ਤੇਜ਼ ਕੀਤੇ ਜਾਣ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਹੇਠਲੇ ਪੱਧਰ ’ਤੇ ਮੋਹਰਲੀ ਕਤਾਰ ਦੇ ਸੈਨਿਕਾਂ ਵਲੋਂ ਵੀ ਅਪਣੀ ਡਿਊਟੀ ਬਹੁਤ ਵਧੀਆ ਢੰਗ ਨਾਲ ਨਿਭਾਈ ਜਾ ਰਹੀ ਹੈ।
                             ਸ੍ਰੀ ਸਿੱਧੂ ਨੇ ਕਿਹਾ ਕਿ ਨਮੂਨਿਆਂ ਦੀ ਜਾਂਚ ਕਰਨਾ ਸੂਬਾ ਸਰਕਾਰ ਲਈ ਵੱਡੀ ਚੁਣੌਤੀ ਬਣਿਆ ਹੋਇਆ ਸੀ ਜਿਸ ਨੂੰ ਜਲਦ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਲੰਧਰ ਵਿਖੇ ਵੀ ਪੰਜਾਬ ਸਰਕਾਰ ਵਲੋਂ ਆਧੁਨਿਕ ਲੈਬਾਰਟਰੀ ਸਥਾਪਿਤ ਕਰਨ ਜਾਂ ਸੈਂਪਲਾਂ ਦੀ ਰਿਪੋਰਟ ਜਲਦ ਲੈਣ ਲਈ ਲੈਬਾਰਟਰੀ ਨਾਲ ਤਾਲਮੇਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀ ਯੋਗ ਰਹਿਨੁਮਾਈ ਹੇਠ ਸੂਬਾ ਸਰਕਾਰ ਪਾਸ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਿਪਟਣ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ।
                             ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਤੇ ਐਸ.ਐਸ.ਪੀ. ਜਲੰਧਰ ਸ੍ਰੀ ਨਵਜੋਤ ਸਿੰਘ ਮਾਹਲ ਦੀ ਅਗਵਾਈ ਵਿੱਚ ਟੀਮ ਵਲੋਂ ਕੋਰੋਨਾ ਵਾਇਰਸ ਦੇ ਟਾਕਰੇ ਲਈ ਮਿਹਨਤ ਤੇ ਲਗਨ ਨਾਲ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਯਤਨ ਉਦੋਂ ਤੱਕ ਜ਼ਿਲ੍ਹੇ ਵਿੱਚ ਜਾਰੀ ਰਹਿਣ ਜਦੋਂ ਤੱਕ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਜਾਂਦਾ। ਸ੍ਰੀ ਸਿੱਧੂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਕੰਮ ਲਈ ਪੂਰਨ ਸਹਿਯੋਗ ਤੇ ਮਦਦ ਦਾ ਭਰੋਸਾ ਦਿਵਾਇਆ ਗਿਆ।
                             ਮੀਟਿੰਗ ਦੌਰਾਨ ਸਿਹਤ ਮੰਤਰੀ ਪੰਜਾਬ ਨੂੰ ਦੱਸਿਆ ਗਿਆ ਕਿ ਸਿਹਤ ਵਿਭਾਗ ਦੀਆਂ 137 ਟੀਮਾਂ ਵਲੋਂ ਹੁਣ ਤੱਕ 4511 ਟੈਸਟ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 3114 ਲੋਕਾਂ ਦੀਆਂ ਰਿਪੋਰਟਾਂ ਨੈਗੇਟਿਵ ਪਾਈਆਂ ਗਈਆਂ। ਸਿਹਤ ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ ਘਰ-ਘਰ ਸਰਵੇ ਦੌਰਾਨ 10703 ਘਰਾਂ ਦਾ ਦੌਰਾ ਕਰਕੇ 47465 ਲੋਕਾਂ ਦੀ ਜਾਂਚ ਕੀਤੀ ਗਈ ਹੈ। ਸਿਹਤ ਮੰਤਰੀ ਨੂੰ ਇਹ ਵੀ ਦੱਸਿਆ ਗਿਆ ਕਿ ਜਲੰਧਰ ਵਿੰਚ 7663 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ ਜਿਸ ਵਿਚੋਂ 6624 ਲੋਕਾਂ ਵਲੋਂ ਕੁਆਰੰਟੀਨ ਦਾ ਸਮਾਂ ਪੂਰਾ ਕਰ ਲਿਆ ਗਿਆ ਹੈ ਅਤੇ 1049 ਲੋਕਾਂ ਦਾ ਕੁਆਰੰਟੀਨ ਸਮਾਂ ਜਾਰੀ ਹੈ।
                             ਇਸ ਮੌਕੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਇਕ ਸ੍ਰੀ ਰਾਜਿੰਦਰ ਬੇਰੀ, ਚੌਧਰੀ ਸੁਰਿੰਦਰ ਸਿੰਘ, ਸ੍ਰੀ ਅਵਤਾਰ ਸਿੰਘ ਬਾਵਾ ਹੈਨਰੀ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ , ਉਪ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸ੍ਰੀ ਬੌਬੀ ਸਹਿਗਲ, ਸੀ.ਈ.ਓ. ਸਮਾਰਟ ਸਿਟੀ ਡਾ.ਸ਼ੀਨਾ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਅਤੇ ਸ੍ਰੀ ਜਸਬੀਰ ਸਿੰਘ, ਸਿਵਲ ਸਰਜਨ ਡਾ.ਗੁਰਿੰਦਰ ਚਾਵਲਾ, ਮੈਡੀਕਲ ਸੁਪਰਡੰਟ ਡਾ.ਹਰਿੰਦਰ ਸਿੰਘ , ਐਪੀਡੀਮੋਲੋਜਿਸਟ ਡਾ.ਸੋਭਨਾ ਅਤੇ ਹੋਰ ਵੀ ਹਾਜ਼ਰ ਸਨ।

super visa